ਅਨੰਤਨਾਗ, 19 ਸਤੰਬਰ -ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਵਿਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਗੋਲ਼ੀਬਾਰੀ ਸੱਤਵੇਂ ਦਿਨ ਵੀ ਜਾਰੀ ਹੈ। ਅਨੰਤਨਾਗ ਵਿਚ ਚੱਲ ਰਹੇ ਮੁਕਾਬਲੇ ਦਾ ਅੱਜ ਸੱਤਵਾਂ ਦਿਨ ਹੈ। ਇਸ ਦੌਰਾਨ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਤੋਂ ਲਾਪਤਾ ਜਵਾਨ ਸ਼ਹੀਦ ਹੋ ਗਿਆ ਹੈ। ਉਸ ਦੀ ਪਛਾਣ ਕਾਂਸਟੇਬਲ ਪ੍ਰਦੀਪ ਸਿੰਘ ਵਜੋਂ ਹੋਈ ਹੈ, ਇਹ ਸਿਪਾਹੀ 13 ਸਤੰਬਰ ਤੋਂ ਲਾਪਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਕੋਕਰਨਾਗ ਅਪਰੇਸ਼ਨ ਦਾ ਹਿੱਸਾ ਰਹੇ ਸ਼ਹੀਦ ਪ੍ਰਦੀਪ ਸਿੰਘ ਦੀ ਬੀਤੀ ਸ਼ਾਮ ਕਰੀਬ 5 ਵਜੇ ਲਾਸ਼ ਮਿਲੀ। ਭਾਰਤੀ ਫੌਜ ਦਾ ਜਵਾਨ ਪ੍ਰਦੀਪ ਸਿੰਘ ਪਟਿਆਲਾ ਦਾ ਰਹਿਣ ਵਾਲਾ ਸੀ। ਭਾਰਤੀ ਫੌਜ ਅਤੇ ਜੰਮੂ-ਕਸ਼ਮੀਰ ਪੁਲੀਸ ਅਜੇ ਵੀ ਇਲਾਕੇ ਦੇ ਸੰਘਣੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਇਸ ਆਪਰੇਸ਼ਨ ਦੌਰਾਨ ਹੀ ਉਹ ਲਾਪਤਾ ਹੋ ਗਿਆ ਸੀ।
ਉਪ-ਰਾਜਪਾਲ ਮਨੋਜ ਸਿਨ੍ਹਾ ਨੇ ਗਡੋਲ ਕੋਕੇਰਨਾਗ ਮੁਕਾਬਲੇ ਵਿੱਚ ਸ਼ਹੀਦ ਹੋਏ ਜਵਾਨ ਪ੍ਰਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਚਿਨਾਰ ਕੋਰ ਹੈਡਕੁਆਰਟਰ ਕੰਪਲੈਕਸ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਤੇ ਫੁੱਲ ਮਾਲਾ ਭੇਟ ਕੀਤੀ। ਤਿਰੰਗੇ ਵਿੱਚ ਲਪੇਟ ਕੇ ਸ਼ਹੀਦ ਪ੍ਰਦੀਪ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਭੇਜ ਦਿੱਤੀ ਗਈ ਹੈ। ਸ਼ਹੀਦ ਹੋਏ ਜਵਾਨ ਦਾ ਉਹਨਾਂ ਜੱਦੀ ਪਿੰਡ ਪਟਿਆਲਾ ਵਿਖੇ ਦੁਪਿਹਰ 1 ਵਜੇ ਤੱਕ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ, ਚਿਨਾਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਰਾਜੀਵ ਘਈ ਅਤੇ ਸਿਵਲ, ਮਿਲਟਰੀ ਅਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਭਾਵਾਤਮਕ ਵਿਦਾਇਗੀ ਸਮਾਰੋਹ ਵਿਚ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੱਤੀ।
ਅਨੰਤਨਾਗ ਦੇ ਜੰਗਲਾਂ ਵਿੱਚ ਚੱਲ ਰਹੇ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਵਿੱਚ ਅੱਜ ਸੁਰੱਖਿਆ ਬਲਾਂ ਨੇ ਅੱਤਵਾਦੀ ਟਿਕਾਣੇ ਤੋਂ ਕੁਝ ਹਥਿਆਰ ਬਰਾਮਦ ਕੀਤੇ ਹਨ। ਜੁਆਇੰਟ ਟਾਸਕ ਫੋਰਸ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਦੇ ਆਧਾਰ ਤੇ ਤਲਾਸ਼ੀ ਮੁਹਿੰਮ ਚਲਾਈ ਸੀ। ਅੱਤਵਾਦੀ ਗਡੋਲ ਦੇ ਬਾਹਰਵਾਰ ਪਹਾੜੀ ਤੇ ਦਰੱਖਤਾਂ ਪਿੱਛੇ ਗੁਫਾ ਵਿਚ ਲੁਕੇ ਹੋਏ ਸਨ। ਇਹ ਮੁਕਾਬਲਾ ਬੀਤੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਹੁਣ ਤੱਕ ਚਾਰ ਸੁਰੱਖਿਆ ਕਰਮਚਾਰੀ ਸ਼ਹੀਦ ਹੋ ਚੁੱਕੇ ਹਨ ਅਤੇ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਦੇ ਨਾਲ ਹੀ 13 ਸਤੰਬਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਇਲਾਕੇ ਵਿੱਚ ਫੌਜ ਅਤੇ ਜੰਮੂ-ਕਸ਼ਮੀਰ ਪੁਲੀਸ ਦੇ ਸੁਰੱਖਿਆ ਕਰਮੀਆਂ ਦੀ ਸਾਂਝੀ ਟੀਮ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ਸੀ।