ਔਕਲੈਂਡ, 8 ਸਤੰਬਰ, 2023: 10 ਸਾਲ ਪਹਿਲਾਂ ਨਿਊਜ਼ੀਲੈਂਡ ਆਏ ਇਕ ਸਿੱਖ ਰੈਪਰ ਨੇ ਭਾਰਤ ਵਾਪਸ ਪਰਤਣ ’ਤੇ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਸ਼ਰਣ ਮੰਗੀ ਹੈ।
ਇਹ ਸਿੱਖ ਰੈਪ 10 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਨਿਊਜ਼ੀਲੈਂਡ ਆਇਆ ਸੀ। ਇਸਨੇ ਇਮੀਗਰੇਸ਼ਨ ਵਿਭਾਗ ਕੋਲ ਸਥਾਨਕ ਨਾਗਰਿਕਤਾ ਲੈਣ ਵਾਸਤੇ ਅਪਲਾਈ ਕੀਤਾ ਸੀ ਪਰ ਇਸਦੀ ਅਪੀਲ ਰੱਦ ਕਰ ਦਿੱਤੀ ਗਈ ਸੀ।
ਇਸ ਰੈਪਰ ਦੇ ਟਿਕ ਟੋਕ ’ਤੇ 40 ਹਜ਼ਾਰ ਫੋਲੋਅਰ ਹਨ। ਉਸਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਕਿਸਾਨ ਸੰਘਰਸ਼ ਤੇ ਦੇਸ਼ ਵਿਚ ਹੋਰ ਸਮਾਜਿਕ ਤੇ ਧਾਰਮਿਕ ਮਾਮਲਿਆਂ ’ਤੇ ਪਾਈਆਂ ਪੋਸਟਾਂ ਕਾਰਨ ਭਾਰਤ ਪਰਤਣ ’ਤੇ ਉਸ ਤੋਂ ਬਦਲਾ ਲਿਆ ਜਾ ਸਕਦਾ ਹੈ।
ਉਸਨੇ ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਕੋਲ ਇਸ ਸਾਲ ਦੇ ਸ਼ੁਰੂ ਵਿਚ ਸ਼ਰਣ ਲੈਣ ਲਈ ਅਰਜ਼ੀ ਦਿੱਤੀ ਸੀ ਤੇ ਦਾਅਵਾ ਕੀਤਾ ਸੀ ਕਿ ਉਸਨੂੰ ਇਕ ਹੋਰ ਭਾਰਤੀ ਕਲਾਕਾਰ ਦਾ ਆਪਣੇ ਗਾਣਿਆਂ ਵਿਚ ਅਪਮਾਨ ਕਰਨ ਕਾਰਨ ਧਮਕੀਆਂ ਮਿਲ ਰਹੀਆਂ ਹਨ।
ਟ੍ਰਿਬਿਊਨਲ ਨੇ ਉਸਦੀ ਅਪੀਲ ਖਾਰਜ ਕਰ ਦਿੱਤੀ ਸੀ ਤੇ ਉਸਦੀ ਅਰਜ਼ੀ ਰੱਦ ਕਰਨ ਦੇ ਰਫਿਊਜੀ ਤੇ ਪ੍ਰੋਟੈਕਸ਼ਨ ਅਫਸਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਇਸ ਰੈਪ ਵੱਲੋਂ ਆਪਣੇ ਗਾਣਿਆਂ ਵਿਚ ਪੰਜਾਬ ਦੇ ਗਨ ਕਲਚਰ, ਗਰੀਬੀ, ਜਾਤੀਵਾਦ ਤੇ ਨਸਲੀ ਟਿੱਪਣੀਆਂ ਕਰਨ ਕਾਰਨ ਇਸਦਾ ਟਿਕ ਟੋਕ ਅਕਾਊਂਟ ਬੰਦ ਕਰ ਦਿੱਤਾ ਗਿਆ ਸੀ। ਇਸਦਾ ਵੀਜ਼ਾ 2018 ਵਿਚ ਖਤਮ ਹੋ ਗਿਆ ਸੀ ਤੇ ਇਸਨੇ 2021 ਵਿਚ ਇਹ ਅਰਜ਼ੀ ਦਾਇਰ ਕੀਤੀ ਕਿ ਇਸਨੂੰ ਸਿਆਸਤਦਾਨਾਂ ਤੇ ਹੋਰ ਅਨਸਰਾਂ ਤੋਂ ਖ਼ਤਰਾ ਹੈ।