ਰੂਪਨਗਰ, 7 ਸਤੰਬਰ 2023: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਜੇ.ਆਰ. ਸਿਨੇਮਾ ਰੋਪੜ ਵਿਖੇ ਹਲਕੇ ਦੇ ਲਗਭਗ 150 ਇਲਾਕਾ ਨਿਵਾਸੀਆਂ ਲਈ ਮਸਤਾਨੇ ਫਿਲਮ ਦੀ ਵਿਸ਼ੇਸ਼ ਸਕਰੀਨਿੰਗ ਕਰਵਾਈ ਗਈ ਜਿਸ ਵਿੱਚ ਫਿਲਮ ਦੇ ਕਲਾਕਾਰਾਂ ਗੁਰਪ੍ਰੀਤ ਘੁੱਗੀ, ਬਨਿੰਦਰਜੀਤ ਬੰਨੀ ਅਤੇ ਹਲਕੇ ਦੇ ਨੂਰਪੁਰ ਬੇਦੀ ਤੋਂ ਕਲਾਕਾਰ ਸ਼ਿਵਮ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ।
ਇਸ ਮੌਕੇ ਹਲਕਾ ਵਿਧਾਇਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਸਤਾਨੇ ਵਰਗੀਆਂ ਫਿਲਮਾਂ ਜੋਂ ਪੰਜਾਬੀਆਂ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਦੀਆਂ ਹਨ ਉਨ੍ਹਾਂ ਦਾ ਸਾਨੂੰ ਸਭ ਨੂੰ ਵੱਧ ਤੋਂ ਵੱਧ ਸਮਰਥਨ ਕਰਨਾ ਚਾਹੀਦਾ ਹੈ ਅਤੇ ਸਿਨੇਮਾ ਘਰਾਂ ਵਿੱਚ ਜਾ ਕੇ ਆਪਣੇ ਬੱਚਿਆਂ ਸਮੇਤ ਇਹੋ ਜਿਹੀਆਂ ਫ਼ਿਲਮਾਂ ਨੂੰ ਦੇਖਣਾ ਚਾਹੀਦਾ ਹੈ।
ਇਸ ਮੌਕੇ ਦਰਸ਼ਕਾਂ ਨੂੰ ਸੰਬੋਧਿਤ ਹੁੰਦਿਆਂ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਸਿਨੇਮਾ ਇੱਕ ਪਾਰਦਰਸ਼ੀ ਚੀਜ ਹੈ, ਜਿਸ ਵਿੱਚ ਫਿਲਮ ਕਲਾਕਾਰਾਂ ਜਾ ਨਿਰਮਾਤਾ ਦੁਆਰਾ ਆਪਣੀ ਮਿਹਨਤ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀ ਜਾਂਦੀ ਹੈ, ਜਿਸ ਨੂੰ ਕਾਮਯਾਬ ਕਰਨਾ ਜਾ ਫਲਾਪ ਕਰਨਾ ਦਰਸ਼ਕਾਂ ਦੇ ਹੱਥ ਵਿੱਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਸਤਾਨਾ ਫਿਲਮ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ 25 ਅਗਸਤ ਤੋਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਫਿਲਮ ਦੇ ਸ਼ੋਅ ਵੱਧਦੇ ਹੀ ਜਾ ਰਹੇ ਹਨ।
ਇਸ ਤੋਂ ਇਲਾਵਾ ਪੁਲੀਸ ਵਿਭਾਗ ਵੱਲੋਂ ਡੀ.ਐਸ.ਪੀ. ਸ. ਤਰਲੋਚਨ ਸਿੰਘ ਦੀ ਅਗਵਾਈ ਹੇਠ ਫਿਲਮ ਦੇਖਣ ਆਏ ਹੋਏ ਦਰਸ਼ਕਾਂ ਨਾਲ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਨਸ਼ਾ ਨਾ ਕਰਨ ਅਤੇ ਨਸ਼ਾਂ ਕਰਨ ਵਾਲੇ ਦਾ ਸਾਥ ਨਾ ਦੇਣ ਦਾ ਸੁਨੇਹਾ ਦਿੱਤਾ ਗਿਆ।