ਬਿਆਸ, 6 ਸਤੰਬਰ 2023 : ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਖਲਚੀਆਂ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਨਾਕੇਬੰਦੀ ਕਰਕੇ ਇਕ ਕਥਿਤ ਮੁਲਜ਼ਮ ਨੂੰ ਚੋਰੀ ਦੇ ਤਾਂਬੇ ਸਣੇ ਕਾਬੂ ਕੀਤਾ ਗਿਆ।
ਪੱਤਰਕਾਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਖਲਚੀਆਂ ਦੇ ਮੁਖੀ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ ਐਸ ਪੀ ਬਾਬਾ ਬਕਾਲਾ ਸੁਖਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਵਲੋਂ ਇਲਾਕੇ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਦੌਰਾਨ ਏ ਐਸ ਆਈ ਜੀਵਨਜੋਤੀ ਪੁਲਿਸ ਪਾਰਟੀ ਸਣੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ, ਜਿਸ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਏ ਐਸ ਆਈ ਜੀਵਨ ਜੋਤੀ ਤੇ ਪੁਲਿਸ ਪਾਰਟੀ ਵਲੋਂ ਫੱਤੂਵਾਲ ਮੋੜ ਨੇੜੇ ਨਾਕੇਬੰਦੀ ਕੀਤੀ ਗਈ ਤਾਂ ਥਰੀ ਵਹੀਲਰ ਤੇ ਆ ਰਹੇ ਕਥਿਤ ਮੁਲਜ਼ਮ ਨੂੰ ਰੋਕਣ ਤੇ ਥਰੀ ਵਹੀਲਰ ਵਿੱਚੋਂ ਕਰੀਬ 55 ਕਿਲੋ ਚੋਰੀ ਦਾ ਤਾਂਬਾ ਬਰਾਮਦ ਹੋਇਆ ਹੈ।ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਵਾਸੀ ਜੰਡਿਆਲਾ ਵਜੋਂ ਹੋਈ ਹੈ।ਜਿਸ ਵਲੋਂ ਇਹ ਤਾਂਬਾ ਟ੍ਰਾਂਸਫਾਰਮਰ ਵਿੱਚੋਂ ਚੋਰੀ ਕੀਤਾ ਗਿਆ ਹੈ ਅਤੇ ਉਹ ਇਸ ਨੂੰ ਕਥਿਤ ਰੂਪ ਵਿੱਚ ਅੰਮ੍ਰਿਤਸਰ ਵੇਚਣ ਜਾ ਰਿਹਾ ਸੀ।ਥਾਣਾ ਖਲਚੀਆਂ ਪੁਲਿਸ ਵਲੋਂ ਕਥਿਤ ਮੁਲਜ਼ਮ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।