ਬਠਿੰਡਾ, 25 ਜੂਨ 2020 – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਨੇੜੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣਾਏ ਜਾ ਰਹੇ ਤਲਾਬ ਦੇ ਕੰਮ ਦੇ ਜਾਇਜ਼ੇ ਲਈ ਮੌਕੇ ਤੇ ਜਾ ਕੇ ਮੁਆਇਨਾ ਕੀਤਾ। ਉਨ੍ਹਾਂ ਨੇ ਇਸ ਮੌਕੇ ਆਖਿਆ ਕਿ ਇੱਥੇ ਵਕਫ ਬੋਰਡ ਤੋਂ ਹਾਸਲ ਹੋਈ 10 ਏਕੜ ਜਮੀਨ ਵਿਚ ਨਵਾਂ ਤਲਾਬ ਬਣਾਇਆ ਜਾ ਰਿਹਾ ਹੈ, ਜਿੱਥੇ ਬਰਸਾਤ ਤੋਂ ਬਾਅਦ ਸ਼ਹਿਰ ਦੇ ਪਾਣੀ ਦੀ ਨਿਕਾਸੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਹੁਣ ਤੱਕ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਅਧਿਕਾਰੀਆਂ ਨੂੰ ਇਸ ਤਲਾਬ ਦੀ ਪੁਟਾਈ ਜਲਦ ਮੁਕੰਮਲ ਕਰਨ ਦੀ ਹਦਾਇਤ ਕੀਤੀ ਅਤੇ ਕਿਹਾ ਕਿ ਇਸ ਤਲਾਬ ਦੇ ਬਣ ਜਾਣ ਨਾਲ ਮੀਂਹਾਂ ਵਿਚ ਪਾਣੀ ਦੀ ਨਿਕਾਸੀ ਤੇਜੀ ਨਾਲ ਹੋਣ ਨਾਲ ਸ਼ਹਿਰ ਵਿਚ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ਼ਹਿਰ ਦੇ ਦੋ ਹੋਰ ਟੋਭਿਆਂ ਦੀ ਜਲ ਭੰਡਾਰ ਸਮੱਰਥਾ ਵਿਚ ਵੀ ਵਾਧਾ ਕੀਤਾ ਗਿਆ ਹੈ।
ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਰਡ ਨੰਬਰ 13 ਅਤੇ 14 ਦੇ ਵੱਖ ਵੱਖ ਮੁਹੱਲਿਆਂ ਦਾ ਦੌਰਾ ਵੀ ਕੀਤਾ ਅਤੇ ਇੱਥੇ ਲੋਕਾਂ ਦੀਆਂ ਮੁਸਕਿਲਾਂ ਸੁਣੀਆਂ। ਇਸ ਦੌਰਾਨ ਮਤੀ ਦਾਸ ਮੁਹੱਲੇ ਦੇ ਲੋਕਾਂ ਨੂੰ ਕੁਝ ਇਲਾਕੇ ਵਿਚ ਪੀਣ ਦੇ ਪਾਣੀ ਦੀ ਸਮੱਸਿਆ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆਂਦੀ। ਜਿਸ ‘ਤੇ ਬਾਦਲ ਨੇ ਜਲ ਸਪਲਾਈ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਇਸ ਸਬੰਧੀ ਪੜਤਾਲ ਕੀਤੀ ਜਾਵੇ ਅਤੇ ਜੇਕਰ ਵੱਖਰੀ ਪਾਈਪ ਦੀ ਜਰੂਰਤ ਹੋਵੇ ਤਾਂ ਇਹ ਪਾਈਪ ਪਾ ਕੇ ਹਰ ਘਰ ਤੱਕ ਸਾਫ ਪੀਣ ਦੇ ਪਾਣੀ ਦੀ ਪਹੁੰਚ ਯਕਨੀ ਬਣਾਈ ਜਾਵੇ। ਇਸੇ ਤਰ੍ਹਾਂ ਸਿਲਵਰ ਸਿਟੀ ਅਤੇ ਹਰਬੰਸ ਨਗਰ ਦੇ ਲੋਕਾਂ ਨੇ ਵਿਕਾਸ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਅਨੂਪ ਨਗਰ ਵਿਚ ਦੋ ਛੋਟੀਆਂ ਬੱਚੀਆਂ ਹਰਮਨਦੀਪ ਕੌਰ ਅਤੇ ਗੁਣਤਾਸ ਕੌਰ ਨੇ ਉਨ੍ਹਾਂ ਨੂੰ ਇਕ ਪੋਸਟਰ ਬਣਾ ਕੇ ਭੇਂਟ ਕੀਤਾ।
ਇਸ ਤੋਂ ਬਿਨਾਂ ਉਨ੍ਹਾਂ ਨੇ ਗੁੱਡਵਿਲ ਸੁਸਾਇਟੀ ਪਾਰਸ ਰਮ ਨਗਰ ਨੂੰ ਫੈਕੋ ਮਸ਼ੀਨ ਲਈ 5 ਲੱਖ ਰੁਪਏ, ਐਮ.ਐਚ. ਹੈਪੀ ਹਾਈ ਸਕੂਲ ਨੂੰ ਇਮਾਰਤ ਲਈ 3 ਲੱਖ ਰੁਪਏ, ਬਾਲ ਭਵਨ ਸਕੂਲ ਨੂੰ ਇਮਾਰਤ ਲਈ 10 ਲੱਖ ਰੁਪਏ ਅਤੇ ਹਾਊਸਫੈਡ ਡਿਸਪੋਜਲ ਦੀ ਡਿਸਿਲਟਿੰਗ ਲਈ 2 ਲੱਖ ਰੁਪਏ ਦਾ ਚੈਕ ਵੀ ਭੇਂਟ ਕੀਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਜੋਗਾ ਨਗਰ, ਨੱਛਤਰ ਨਗਰ, ਵੀਰ ਕਲੋਨੀ, ਮਾਡਲ ਟਾਉਨ ਫੇਜ 3 ਦਾ ਵੀ ਦੌਰਾ ਕੀਤਾ। ਇਸ ਮੌਕੇ ਕੇ ਕੇ ਅਗਰਵਾਲ ਅਤੇ ਅਰੁਣ ਵਧਾਵਨ ਆਦਿ ਵੀ ਹਾਜਰ ਸਨ।