ਜੰਮੂ, 5 ਸਤੰਬਰ – ਜੰਮੂ ਵਿੱਚ ਰਿਆਸੀ ਜ਼ਿਲ੍ਹੇ ਦੇ ਚਸਾਨਾ ਤੋਂ ਥੋੜ੍ਹੀ ਦੂਰੀ ਤੇ ਸਥਿਤ ਸੋਹਾਬ ਗਲੀ ਟੁਲੀ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਇਕ ਅੱਤਵਾਦੀ ਮਾਰਿਆ ਗਿਆ, ਜਦੋਂਕਿ ਦੋ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ। ਬੀਤੇ ਦਿਨ ਵੀ ਇਸ ਇਲਾਕੇ ਵਿਚ ਭਾਰੀ ਗੋਲੀਬਾਰੀ ਹੋਈ ਸੀ। ਲੁਕੇ ਹੋਏ ਅੱਤਵਾਦੀ ਨੂੰ ਮਾਰਨ ਲਈ 20 ਘੰਟੇ ਤੋਂ ਵੱਧ ਦਾ ਆਪ੍ਰੇਸ਼ਨ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਸ਼ੁਰੂਆਤੀ ਗੋਲੀਬਾਰੀ ਵਿੱਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ, ਜਦੋਂਕਿ ਦੂਜੇ ਅੱਤਵਾਦੀ ਨੂੰ ਮਾਰਨ ਲਈ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਰੱਖੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੂਜਾ ਅੱਤਵਾਦੀ ਟੁਲੀ ਇਲਾਕੇ ਦੇ ਗਲੀ ਸੋਹਾਬ ਪਿੰਡ ਵਿੱਚ ਇਕ ਘਰ ਦੇ ਅੰਦਰ ਲੁਕਿਆ ਹੋਇਆ ਸੀ।
ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਅੱਤਵਾਦੀਆਂ ਨੂੰ ਮਾਰਨ ਲਈ ਰਾਤ ਭਰ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਨੇ ਲੁਕੇ ਹੋਏ ਅੱਤਵਾਦੀ ਦੇ ਘਰ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸੁਰੱਖਿਆ ਬਲਾਂ ਨੇ ਘਰ ਤੇ ਧਾਵਾ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੋਂ ਜ਼ਬਰਦਸਤ ਗੋਲੀਬਾਰੀ ਹੋਈ। ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਮੁਕਾਬਲਾ ਬੀਤੀ ਦੁਪਹਿਰ ਕਰੀਬ 2 ਵਜੇ ਸ਼ੁਰੂ ਹੋਇਆ। ਪੁਲੀਸ, ਫੌਜ ਅਤੇ ਸੀ ਆਰ ਪੀ ਐਫ ਦੀਆਂ ਸਾਂਝੀਆਂ ਟੁਕੜੀਆਂ ਨੇ ਘਰ ਤੇ ਧਾਵਾ ਬੋਲ ਦਿੱਤਾ।