ਪਟਨਾ ਸਾਹਿਬ, 28 ਅਗਸਤ- ਸੱਚਖੰਡ ਵਾਸੀ ਸੰਤ ਪੰਡਿਤ ਨਿਸ਼ਚਲ ਸਿੰਘ ਅਤੇ ਸੰਤ ਤਰਲੋਚਨ ਸਿੰਘ ਦੀ ਸਾਲਾਨਾ ਯਾਦ ਵਿਚ ਡੇਰਾ ਸੰਤ ਨਿਸ਼ਚਲ ਸਿੰਘ ਸ਼ਹੀਦ ਬੁੰਗਾ ਕੁੰਦਨ ਮੋਹਿਨੀ ਯਾਤਰੀ ਨਿਵਾਸ ਪਟਨਾ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਸਜੇ ਦੀਵਾਨ ਵਿੱਚ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਰਵਿੰਦ ਸਿੰਘ ਨਿਰਗੁਣ ਦੇ ਜੱਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹਜ਼ੂਰੀ ਕਥਾਵਾਚਕ ਗਿਆਨੀ ਗਗਨਦੀਪ ਸਿੰਘ ਨੇ ਸੰਤਾਂ ਦੀ ਮਹਿਮਾ ਦਾ ਵਖਿਆਣ ਕੀਤਾ। ਉਨ੍ਹਾਂ ਕਿਹਾ ਕਿ ਇਸ ਅਸਥਾਨ ਦੇ ਮੁੱਖ ਪ੍ਰਬੰਧਕ ਮਹੰਤ ਕਰਮਜੀਤ ਸਿੰਘ ਦਾ ਪੰਥ ਪ੍ਰਤੀ ਸੇਵਾਵਾਂ ਵਿੱਚ ਅਹਿਮ ਯੋਗਦਾਨ ਹੈ , ਜੋ ਮੌਜੂਦਾ ਸਮੇਂ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਪ੍ਰਤੀ ਬਾਖੂਬੀ ਸੇਵਾਵਾਂ ਨਿਭਾ ਰਹੇ ਹਨ।
ਇਸ ਮੌਕੇ ਪੁੱਜੇ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਭਾਈ ਦਲੀਪ ਸਿੰਘ ਨੇ ਵੀ ਸੰਬੋਧਨ ਕੀਤਾ।
ਅਖੀਰ ਵਿੱਚ ਯਾਤਰੀ ਨਿਵਾਸ ਦੇ ਮੈਨੇਜ਼ਰ ਜਗਜੀਤ ਸਿੰਘ ਨੇ ਮਹੰਤ ਕਰਮਜੀਤ ਸਿੰਘ ਵਲੋਂ ਸਮਾਗਮ ਵਿੱਚ ਪੁੱਜੀ ਸੰਗਤ ਦਾ ਧੰਨਵਾਦ ਕੀਤਾ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।