ਐਸ ਏ ਐਸ ਨਗਰ, 25 ਅਗਸਤ- ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਇਕ ਟੀਮ ਸ਼੍ਰੀ ਕੁਲਦੀਪ ਸਿੰਘ ਭਿੰਡਰ ਮੀਤ ਪ੍ਰਧਾਨ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਨਾਗਰਾ ਪ੍ਰਬੰਧਕੀ ਸਕੱਤਰ ਦੀ ਅਗਵਾਈ ਹੇਠ,ਖਪਤਕਾਰਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਆਪਣੀ ਮੰਡੀ ਸੈਕਟਰ 71 ਵਿਖੇ ਪਹੁੰਚੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਦੌਰਾਨ ਟੀਮ ਨੇ ਨੋਟ ਕੀਤਾ ਕਿ ਦੁਕਾਨਦਾਰ, ਮੰਡੀ ਅਫਸਰਾਂ ਵਲੋਂ ਨਿਰਧਾਰਤ ਰੇਟਾਂ ਤੋਂ ਲਗਭਗ 30 ਤੋਂ 45 ਫੀਸਦੀ ਵੱਧ ਰੇਟ ਵਸੂਲ ਕਰ ਰਹੇ ਹਨ। ਉਹਨਾਂ ਦੱਸਿਆ ਕਿ ਟੀਮ ਵਲੋਂ ਸਮਝਾਉਣ ਉਪਰੰਤ ਦੁਕਾਨਦਾਰਾਂ ਨੇ ਉਚਿੱਤ ਰੇਟ ਲੈਣੇ ਸ਼ੁਰੂ ਕਰ ਦਿੱਤੇ।
ਉਹਨਾਂ ਦੱਸਿਆ ਕਿ ਇਸ ਮੌਕੇ ਦੁਕਾਨਦਾਰਾਂ ਨੂੰ ਪੋਲੀਥੀਨ ਲਿਫ਼ਾਫੇ ਵਰਤਣ ਤੋਂ ਵੀ ਰੋਕਿਆ ਗਿਆ। ਟੀਮ ਦੇ ਮੈਂਬਰਾਂ ਨੇ ਇਹ ਵੀ ਨੋਟ ਕੀਤਾ ਕਿ ਨਿਰਧਾਰਤ ਰੇਟ ਲਿਸਟ ਬਹੁਤ ਪਿੱਛੇ ਜਾ ਕੇ ਲਗਾਈ ਗਈ ਸੀ ਜੋ ਕਿ ਸਾਹਮਣੇ ਲੱਗੀ ਹੋਣੀ ਚਾਹੀਦੀ ਹੈ। ਮੰਡੀ ਵਿੱਚ ਖੁੱਲੇ ਮਸਾਲੇ ਵੀ ਵੇਚੇ ਜਾ ਰਹੇ ਸਨ।
ਇਸ ਮੌਕੇ ਟੀਮ ਵਲੋਂ ਖਪਤਕਾਰਾਂ ਨੂੰ ਫੱਲ ਸ਼ਬਜੀਆਂ ਖਰੀਦਣ ਤੋਂ ਪਹਿਲਾ ਡਿਸਪਲੇਅ ਕੀਤੀ ਗਈ ਨਿਰਧਾਰਤ ਰੇਟ ਲਿਸਟ ਚੈਕ ਕਰਨ ਲਈ ਕਿਹਾ ਗਿਆ। ਫੈਡਰੇਸ਼ਨ ਦੇ ਪ੍ਰਧਾਨ ਇੰਜ ਪੀ ਐਸ ਵਿਰਦੀ ਵੱਲੋਂ ਇਹ ਕਾਰਵਾਈ ਅੱਗੋਂ ਵੀ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ।