ਚੰਡੀਗੜ੍ਹ, 24 ਅਗਸਤ- ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਵੱਲੋਂ ਸਰਕਾਰੀ ਮਾਡਲ ਮਿਡਲ ਸਕੂਲ, ਸੈਕਟਰ 49 ਡੀ ਚੰਡੀਗੜ੍ਹ ਵਿਖੇ ਅੱਖਾਂ ਦੀ ਜਾਂਚ ਦਾ ਦੋ ਰੋਜ਼ਾ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਇਕੇਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਇਹ ਤੀਜਾ ਅੱਖਾਂ ਦਾ ਚੈਕਅੱਪ ਕੈਂਪ ਹੈ ਜਿਸ ਵਿੱਚ ਪਹਿਲੇ ਪੜਾਅ ਵਿੱਚ 350 ਵਿਦਿਆਰਥੀਆਂ ਦੀਆਂ ਅੱਖਾਂ ਦੀ ਵੱਖ-ਵੱਖ ਨੁਕਸਾਂ ਲਈ ਆਧੁਨਿਕ ਜਰਮਨ ਮਸ਼ੀਨ ਦੀ ਵਰਤੋਂ ਕਰਕੇ ਜਾਂਚ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਕੈਂਪ ਦੌਰਾਨ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਹਨਾਂ ਬੱਚਿਆਂ ਦੀ ਜਾਂਚ ਦੌਰਾਨ ਉਹਨਾਂ ਦੀ ਅਗਲੇਰੀ ਜਾਂਚ ਦੀ ਲੋੜ ਸੀ, ਉਹਨਾਂ ਸਾਰੇ ਕੇਸਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਇਹ ਸਕ੍ਰੀਨਿੰਗ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਬਹੁਤ ਹੀ ਸ਼ੁਰੂਆਤੀ ਪੜਾਅ ਤੇ ਨਜ਼ਰ ਦੇ ਨੁਕਸ ਦੀ ਪਛਾਣ ਕੀਤੀ ਜਾ ਸਕੇ ਅਤੇ ਉਸ ਵਿੱਚ ਲੋੜੀਂਦਾ ਸੁਧਾਰ ਕੀਤਾ ਜਾ ਸਕੇ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੋਨਾ ਕਟੋਚ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਦਿਨੇਸ਼ ਸਚਦੇਵਾ, ਪ੍ਰੋਜੈਕਟ ਚੇਅਰਪਰਸਨ ਡਾ. ਐਸ. ਐਸ. ਭਮਰਾ, ਖਜ਼ਾਨਚੀ ਰਮਨ ਕੁਮਾਰ ਅਤੇ ਲਿਓ ਲਾਡੀ ਹਾਜ਼ਰ ਸਨ।