ਚੰਡੀਗੜ੍ਹ, 22 ਅਗਸਤ – ਫਿਲਮ ਗਦਰ-2 ਦੀ ਸਫਲਤਾ ਤੋਂ ਬਾਅਦ ਫਿਲਮ ਐਕਟਰ ਸੰਨੀ ਦਿਓਲ ਚਰਚਾ ਵਿੱਚ ਹਨ। ਦੂਜੇ ਪਾਸੇ ਬੈਂਕ ਆਫ ਬੜੌਦਾ ਨੇ ਸੰਨੀ ਦਿਓਲ ਦੀ ਕੋਠੀ ਦੀ ਨਿਲਾਮੀ ਦਾ ਨੋਟਿਸ ਵਾਪਸ ਲੈ ਲਿਆ ਹੈ। ਬੈਂਕ ਨੇ ਇਸ ਪਿੱਛੇ ਤਕਨੀਕੀ ਕਾਰਨ ਦੱਸਿਆ ਹੈ। ਪਰ ਵਿਰੋਧੀ ਧਿਰ ਸਰਕਾਰ ਤੇ ਹਮਲੇ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਸੰਨੀ ਦਿਓਲ ਨੇ ਐਲਾਨ ਕੀਤਾ ਕਿ ਉਹ 2024 ਵਿੱਚ ਲੋਕ ਸਭਾ ਚੋਣਾਂ ਨਹੀਂ ਲੜਨਗੇ।
ਉਨ੍ਹਾਂ ਕਿਹਾ ਕਿ ਅਦਾਕਾਰ ਬਣੇ ਰਹਿਣਾ ਮੇਰੀ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਮੈਨੂੰ ਇੱਕ ਅਦਾਕਾਰ ਵਜੋਂ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਜੋ ਮੈਂ ਕਰਦਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਸਿਰਫ਼ ਇੱਕ ਕੰਮ ਕਰ ਸਕਦੇ ਹੋ। ਇੱਕੋ ਸਮੇਂ ਕਈ ਕੰਮ ਕਰਨਾ ਅਸੰਭਵ ਹੈ। ਜਿਸ ਸੋਚ ਨਾਲ ਮੈਂ ਰਾਜਨੀਤੀ ਵਿੱਚ ਆਇਆ ਹਾਂ, ਮੈਂ ਐਕਟਰ ਹੁੰਦੇ ਹੋਏ ਵੀ ਉਹ ਸਭ ਕੁਝ ਕਰ ਸਕਦਾ ਹਾਂ।
ਉਨ੍ਹਾਂ ਕਿਹਾ ਕਿ ਮੈਂ ਐਕਟਿੰਗ ਦੀ ਦੁਨੀਆ ਵਿੱਚ ਜੋ ਮੇਰਾ ਦਿਲ ਚਾਹੁੰਦਾ ਹੈ, ਕਰ ਸਕਦਾ ਹਾਂ। ਪਰ ਜੇ ਮੈਂ ਰਾਜਨੀਤੀ ਵਿਚ ਕੁਝ ਕਰਾਂਗਾ ਅਤੇ ਉਸ ਨੂੰ ਪੂਰਾ ਕਰਨ ਦੇ ਯੋਗ ਨਹੀਂ ਹਾਂ, ਤਾਂ ਮੈਂ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਅਜਿਹਾ ਨਹੀਂ ਕਰ ਸਕਦਾ। ਸੰਸਦ ਮੈਂਬਰ ਵਜੋਂ ਸੰਨੀ ਦਿਓਲ ਦੀ ਲੋਕ ਸਭਾ ਵਿੱਚ ਸਿਰਫ 19 ਫੀਸਦੀ ਹਾਜ਼ਰੀ ਹੈ, ਇਸ ਸਬੰਧੀ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਮੈਂ ਸੰਸਦ ਵਿੱਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਦੇਸ਼ ਨੂੰ ਚਲਾਉਣ ਵਾਲੇ ਲੋਕ ਇੱਥੇ ਬੈਠੇ ਹਨ, ਸਾਰੀਆਂ ਪਾਰਟੀਆਂ ਦੇ ਆਗੂ ਬੈਠੇ ਹਨ।
ਪਰ ਅਸੀਂ ਇੱਥੇ ਕਿਵੇਂ ਵਿਵਹਾਰ ਕਰਦੇ ਹਾਂ ਜਦੋਂ ਅਸੀਂ ਦੂਜੇ ਲੋਕਾਂ ਨੂੰ ਅਜਿਹਾ ਵਿਵਹਾਰ ਨਾ ਕਰਨ ਲਈ ਕਹਿੰਦੇ ਹਾਂ। ਉਸ ਨੇ ਕਿਹਾ ਕਿ ਜਦੋਂ ਮੈਂ ਇਹ ਦੇਖਦਾ ਹਾਂ ਤਾਂ ਲੱਗਦਾ ਹੈ ਕਿ ਮੈਂ ਅਜਿਹਾ ਨਹੀਂ ਹਾਂ, ਬਿਹਤਰ ਹੈ ਕਿ ਮੈਂ ਕਿਤੇ ਹੋਰ ਚਲਾ ਜਾਵਾਂ। ਨਾਲ ਹੀ ਕਿਹਾ ਕਿ ਮੈਂ ਹੁਣ ਕੋਈ ਚੋਣ ਨਹੀਂ ਲੜਨਾ ਚਾਹੁੰਦਾ। ਇਹ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੀਟ ਤੋਂ ਆਪਣਾ ਨਵਾਂ ਉਮੀਦਵਾਰ ਖੜ੍ਹਾ ਕਰੇਗੀ।
ਜ਼ਿਕਰਯੋਗ ਹੈ ਕਿ ਸੰਨੀ ਦਿਓਲ ਇਸ ਸਮੇਂ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਇਹ ਸੀਟ ਭਾਜਪਾ ਲਈ ਬਹੁਤ ਅਹਿਮ ਹੈ। ਵਿਨੋਦ ਖੰਨਾ 1999 ਤੋਂ 2004 ਅਤੇ 2014 ਤੋਂ 2017 ਤੱਕ ਭਾਜਪਾ ਦੀ ਟਿਕਟ ਤੇ ਇਸ ਸੀਟ ਤੋਂ ਮੈਂਬਰ ਵੀ ਰਹੇ। ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਕਾਂਗਰਸ ਨੇਤਾ ਸੁਨੀਲ ਜਾਖੜ ਇੱਥੇ ਉਪ ਚੋਣ ਜਿੱਤ ਗਏ ਸਨ। ਉਥੇ ਹੀ 2019 ਵਿੱਚ ਸੰਨੀ ਦਿਓਲ ਨੇ ਗੁਰਦਾਸਪੁਰ ਸੀਟ ਫਿਰ ਤੋਂ ਭਾਜਪਾ ਦੇ ਝੋਲੀ ਵਿੱਚ ਪਾ ਦਿੱਤੀ।
ਦੂਜੇ ਪਾਸੇ ਸੁਨੀਲ ਜਾਖੜ ਹੁਣ ਭਾਜਪਾ ਵਿੱਚ ਹਨ ਅਤੇ ਪੰਜਾਬ ਭਾਜਪਾ ਦੀ ਕਮਾਨ ਉਨ੍ਹਾਂ ਦੇ ਹੱਥਾਂ ਵਿੱਚ ਹੈ। ਸੰਨੀ ਦਿਓਲ ਖਿਲਾਫ ਗੁਰਦਾਸਪੁਰ ਵਿੱਚ ਨਾਰਾਜ਼ਗੀ ਹੈ। ਕਈ ਵਾਰ ਉਸ ਦੇ ਲਾਪਤਾ ਹੋਣ ਦੇ ਪੋਸਟਰ ਵੀ ਲਾਏ ਜਾ ਚੁੱਕੇ ਹਨ। ਲੋਕਾਂ ਦਾ ਦੋਸ਼ ਹੈ ਕਿ ਉਹ ਗੁਰਦਾਸਪੁਰ ਨਹੀਂ ਆਉਂਦਾ। ਹਾਲ ਹੀ ਵਿੱਚ ਉਨ੍ਹਾਂ ਦੀ ਫਿਲਮ ਗਦਰ-2 ਦਾ ਵੀ ਗੁਰਦਾਸਪੁਰ ਵਿੱਚ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ।