ਔਕਲੈਂਡ, 08 ਅਗਸਤ, 2023:-‘ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ’ ਵੱਲੋਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਦੀ ਮੈਨੇਜਮੈਂਟ ਅਤੇ ਪ੍ਰਮੁੱਖ ਖੇਡ ਕਲੱਬਾਂ ਦੇ ਸਹਿਯੋਗ ਸਦਕਾ ਹਰ ਸਾਲ ਲੜੀਵਾਰ ਕਰਵਾਏ ਜਾਣ ਵਾਲੇ ਖੇਡ ਤੇ ਸਭਿਆਚਾਰਕ ਮੇਲਿਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ। ਇਸ ਅਨੁਸਾਰ ਪਹਿਲਾ ਖੇਡ ਮੇਲਾ 15 ਅਕਤੂਬਰ ਨੂੰ ‘ਪੰਜਾਬ ਸਪੋਰਟਸ ਕਲੱਬ ਹੇਸਟਿੰਗਜ਼’, ਫਿਰ ਅਗਲੇ ਹਫਤੇ 22 ਅਕਤੂਬਰ ਨੂੰ ਅੰਬੇਡਕਰ ਸਪੋਰਟਸ ਕਲੱਬ ਬੰਬੇ, ਫਿਰ 28-29 ਅਕਤੂਬਰ ਨੂੰ ਬੇਅ ਆਫ ਪਲੈਂਟੀ ਟੌਰੰਗਾ, ਫਿਰ 5 ਨਵੰਬਰ ਨੂੰ ਬੌਟਨੀ ਸਪੋਰਟਸ ਕਲੱਬ, ਫਿਰ 12 ਨਵੰਬਰ ਨੂੰ ਸ਼ੇਰੇ ਪੰਜਾਬ ਪਾਪਾਮੋਆ, ਫਿਰ 19 ਨਵੰਬਰ ਨੂੰ ਯੂਥ ਕਲੱਬ ਹਮਿਲਟਨ ਵਿਖੇ ਅਤੇ ਫਿਰ ਖੇਡਾਂ ਦਾ ਮਹਾਂਕੁੰਭ 25 ਅਤੇ 26 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ ਵੱਲੋਂ ‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ ਦੇ ਰੂਪ ਵਿਚ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਖੇਡ ਮੇਲਿਆਂ ਦੇ ਵਿਚ ਕਬੱਡੀ, ਸੌਕਰ, ਵਾਲੀਵਾਲ, ਵਾਲੀਵਾਲ ਸ਼ੂਟਿੰਗ, ਭਾਰ ਚੁੱਕਣਾ, ਬੌਡੀ ਬਿਲਡਿੰਗ, ਕ੍ਰਿਕਟ, ਬੱਚਿਆਂ ਦੀਆਂ ਖੇਡਾਂ, ਦਸਤਾਰ ਕੈਂਪ ਅਤੇ ਮਨੋਰੰਜਨ ਵਾਸਤੇ ਭੰਗੜਾ ਵੀ ਹੋਵੇਗਾ। ਮਹਿਲਾਵਾਂ ਦੇ ਲਈ ਮਿਊਜ਼ੀਕਲ ਚੇਅਰ ਦਾ ਆਯੋਜਨ ਕੀਤਾ ਜਾਵੇਗਾ। ‘ਵਰਲਡ ਕਬੱਡੀ ਕੌਂਸਿਲ ਆਫ ਨਿਊਜ਼ੀਲੈਂਡ’ ਅਤੇ ‘ਵੋਮੈਨ ਕਬੱਡੀ ਫੈਡਰੇਸ਼ਨ’ ਵੀ ਇਸ ਸਾਰੇ ਟੂਰਨਾਮੈਂਟ ਦੇ ਵਿਚ ਸਹਿਯੋਗੀ ਰਹੇਗੀ। ਸਾਰੇ ਨਾਮੀ ਪਲੇਅਰ ਜੋ ਇਸ ਸਮੇਂ ਕੈਨਡਾ ਦੀਆਂ ਗਰਾਉਂਡਾ ਦਾ ਸ਼ਿੰਗਾਰ ਬਣੇ ਹੋਏ ਹਨ, ਉਹ ਅਕਤੂਬਰ ਮਹੀਨੇ ਤੋਂ ਨਿਊਜ਼ੀਲੈਂਡ ਦੇ ਘਾਹਦਾਰ ਗਰਾਉਂਡਾ ’ਚ ਜੌਹਰ ਦਿਖਾਉਣਗੇ।