ਮੈਕਸੀਕੋ, 4 ਅਗਸਤ- ਉੱਤਰੀ-ਪੱਛਮੀ ਮੈਕਸੀਕੋ ਦੇ ਨਾਇਰਿਤ ਰਾਜ ਵਿਚ ਇਕ ਯਾਤਰੀ ਬੱਸ ਖੱਡ ਵਿਚ ਡਿੱਗ ਗਈ, ਜਿਸ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਅਨੁਸਾਰ ਬੱਸ ਵਿਚ ਸਵਾਰ ਜ਼ਿਆਦਾਤਰ ਯਾਤਰੀ ਵਿਦੇਸ਼ੀ ਸਨ। ਬੱਸ ਮੈਕਸੀਕੋ ਸਿਟੀ ਤੋਂ ਅਮਰੀਕਾ ਦੀ ਸਰਹੱਦ ਤੇ ਟਿਜੁਆਨਾ ਜਾ ਰਹੀ ਸੀ। ਬੱਸ ਵਿਚ ਭਾਰਤ, ਡੋਮਿਨਿਕਨ ਗਣਰਾਜ ਅਤੇ ਅਫਰੀਕੀ ਦੇਸ਼ਾਂ ਦੇ ਕੁੱਲ 42 ਨਾਗਰਿਕ ਸਵਾਰ ਸਨ। ਸਥਾਨਕ ਮੀਡੀਆ ਨੇ ਨਾਇਰਿਤ ਦੇ ਸੁਰੱਖਿਆ ਅਤੇ ਨਾਗਰਿਕ ਸੁਰੱਖਿਆ ਦੇ ਸਕੱਤਰ ਜੋਰਜ ਬੇਨੀਟੋ ਰੋਡਰਿਗਜ਼ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਰਨ ਵਾਲਿਆਂ ਵਿੱਚ 3 ਨਾਬਾਲਗ ਸਨ, ਜਦੋਂ ਕਿ 22 ਹੋਰ ਜ਼ਖ਼ਮੀ ਹੋਏ ਹਨ।
ਉਨ੍ਹਾਂ ਕਿਹਾ ਕਿ ਰੈਸਕਿਊ ਆਪਰੇਸ਼ਨ ਕਾਫ਼ੀ ਮੁਸ਼ਕਲ ਸੀ, ਕਿਉਂਕਿ ਖੱਡ ਲਗਭਗ 40 ਮੀਟਰ ਡੂੰਘੀ ਸੀ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉੱਥੇ ਹੀ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਨਾਇਰਿਤ ਸਰਕਾਰ ਨੇ ਇਕ ਬਿਆਨ ਵਿਚ ਕਿਹਾ ਕਿ ਬੱਸ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਬੱਸ ਤੇਜ਼ੀ ਨਾਲ ਚਲਾ ਰਿਹਾ ਸੀ, ਜਿਸ ਕਾਰਨ ਹਾਦਸਾ ਵਾਪਰਿਆ ਹੈ।