ਰੁਦਰਪ੍ਰਯਾਗ, 4 ਅਗਸਤ- ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਯਾਤਰਾ ਮਾਰਗ ਤੇ ਗੌਰੀਕੁੰਡ ਵਿੱਚ ਤੇਜ਼ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਇਕ ਦਰਜਨ ਵਿਅਕਤੀ ਲਾਪਤਾ ਹੋ ਗਏ ਹਨ। ਰੁਦਰਪ੍ਰਯਾਗ ਜ਼ਿਲਾ ਆਫ਼ਤ ਪ੍ਰਬੰਧਨ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਗੌਰੀਕੁੰਡ ਤੋਂ ਕੁਝ ਮੀਟਰ ਦੂਰ ਡਾਟ ਪੁਲੀਆ ਵਿੱਚ ਤੇਜ਼ ਮੀਂਹ ਦੌਰਾਨ ਨਾਲੇ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਤਿੰਨ ਦੁਕਾਨਾਂ ਰੁੜ੍ਹ ਗਈਆਂ, ਜਿਸ ਨਾਲ ਉਸ ਵਿਚ ਰਹਿ ਰਹੇ ਵਿਅਕਤੀ ਵੀ ਲਾਪਤਾ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿੱਚ 2 ਦੁਕਾਨਾਂ ਅਤੇ ਇਕ ਖੋਖਾ ਮਲਬੇ ਨਾਲ ਰੁੜ੍ਹ ਗਏ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਨੇ ਦੱਸਿਆ ਕਿ ਹਾਦਸੇ ਵਿੱਚ ਲਾਪਤਾ 12 ਵਿਅਕਤੀਆਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਵਿੱਚ 3 ਤੋਂ 14 ਸਾਲ ਦੀ ਉਮਰ ਦੇ 5 ਬੱਚੇ ਵੀ ਸ਼ਾਮਲ ਹਨ। ਰਾਤ ਨੂੰ ਹੀ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਹਾਦਸੇ ਵਾਲੀ ਜਗ੍ਹਾ ਤੇ ਮੌਜੂਦ ਪੁਲੀਸ ਖੇਤਰ ਅਧਿਕਾਰੀ ਵਿਮਲ ਰਾਵਤ ਨੂੰ ਦੱਸਿਆ ਕਿ ਭਾਰੀ ਮੀਂਹ ਕਾਰਨ ਬਚਾਅ ਅਤੇ ਰਾਹਤ ਕੰਮ ਵਿੱਚ ਪਰੇਸ਼ਾਨੀਆਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਸਥਾਨ ਦੇ ਨੇੜੇ ਪਹਾੜ ਤੋਂ ਅਜੇ ਵੀ ਰੁਕ-ਰੁਕ ਕੇ ਪੱਥਰ ਡਿੱਗ ਰਹੇ ਹਨ।