ਮੁੰਬਈ, 3 ਅਗਸਤ – ਅਦਾਕਾਰਾ ਕ੍ਰਿਸ਼ਨਾ ਪਰੇਰਾ ਡਰੱਗ ਮਾਮਲੇ ਵਿਚ ਯੂਏਈ ਤੋਂ ਰਿਹਾਅ ਹੋਣ ਤੋਂ ਬਾਅਦ ਮੁੰਬਈ ਪਰਤ ਆਈ ਹੈ। ਉਹ ਅੱਜ ਮੁੰਬਈ ਪੁਲੀਸ ਕਮਿਸ਼ਨਰ ਵਿਵੇਕ ਫਾਂਸਾਲਕਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰੇਗੀ। 27 ਸਾਲਾ ਪਰੇਰਾ, ਜਿਸ ਨੇ ਮਹੇਸ਼ ਭੱਟ ਦੁਆਰਾ ਨਿਰਦੇਸ਼ਿਤ ਬਾਲੀਵੁੱਡ ਫਿਲਮ ਸੜਕ 2 ਵਿੱਚ ਅਭਿਨੈ ਕੀਤਾ ਸੀ, ਨੂੰ 1 ਅਪਰੈਲ ਨੂੰ ਸ਼ਾਰਜਾਹ ਹਵਾਈ ਅੱਡੇ ਤੇ ਯਾਦਗਾਰੀ ਚਿੰਨ੍ਹ ਦੇ ਅੰਦਰ ਨਸ਼ੀਲੇ ਪਦਾਰਥ ਨਿਕਲਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਸ ਨੂੰ ਕੁਝ ਲੋਕਾਂ ਨੇ ਇਹ ਯਾਦਗਾਰੀ ਚਿੰਨ੍ਹ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਕਿਸੇ ਨੂੰ ਦੇਣ ਲਈ ਕਿਹਾ ਸੀ। ਉਸ ਨੇ ਮਹੀਨਾ ਸ਼ਾਰਜਾਹ ਜੇਲ੍ਹ ਵਿੱਚ ਬਿਤਾਇਆ। ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੂੰ ਕੁਝ ਲੋਕਾਂ ਨੇ ਫਸਾਇਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਸੀ। ਸ਼ਾਰਜਾਹ ਵਿੱਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕਰਨ ਅਤੇ ਮੁੰਬਈ ਪੁਲੀਸ ਵੱਲੋਂ ਕੇਸ ਨਾਲ ਸਬੰਧਤ ਦਸਤਾਵੇਜ਼ ਭੇਜਣ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਕੁਝ ਕਾਨੂੰਨੀ ਕਾਰਵਾਈਆਂ ਕਾਰਨ ਉਹ ਤੁਰੰਤ ਇੱਥੇ ਵਾਪਸ ਨਹੀਂ ਆ ਸਕੀ।