ਫਰਿਜ਼ਨੋ, ਕੈਲੇਫੋਰਨੀਆਂ, 1 ਅਗਸਤ 2023 : ਪੰਜਾਬੀ ਸੱਭਿਆਚਾਰ ਦਿਨਾਂ-ਤਿਉਹਾਰਾਂ ਅਤੇ ਰੀਤਾਂ-ਰਸਮਾਂ ਨਾਲ ਭਰਿਆਂ ਪਿਆ ਅਮੀਰ ਸੱਭਿਆਚਾਰ ਹੈ। ਜਿਸ ਵਿੱਚ ਹਰ ਤਿਉਹਾਰ ਨੂੰ ਮਨਾਉਣ ਦੇ ਆਪਣੇ-ਆਪਣੇ ਚਾਅ ਮਲਾਰ ਹਨ। ਬੇਸੱਕ ਪੰਜਾਬ ਵਿੱਚੋਂ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਬਹੁਤ ਸਾਰੇ ਦਿਨ ਤਿਉਹਾਰ ਘੱਟਦੇ ਜਾ ਰਹੇ ਹਨ, ਪਰ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜਾਣ ਨਾਲ ਇਹ ਤਿਉਹਾਰ ਵੀ ਵੱਖ-ਵੱਖ ਦੇਸ਼ਾਂ ਵਿੱਚ ਚਲੇ ਗਏ। ਜਿੱਥੇ ਸਮੁੱਚਾ ਭਾਈਚਾਰਾ ਇੰਨਾਂ ਤਿਉਹਾਰਾਂ ਨੂੰ ਰਲ ਮਿਲ ਮਨਾਉਂਦਾ ਹੈ। ਇਸੇ ਲੜੀ ਅਧੀਨ ਫਰਿਜ਼ਨੋ ਦੇ ਨਾਲ ਲਗਦੇ ਸ਼ਹਿਰ ਕਲੋਵਿਸ ਦੇ ‘ਰੀਜੈਂਸੀ ਈਵੈਂਟ ਸੈਂਟਰ’ ਵਿੱਚ ‘ਤੀਆਂ ਫਿਸ਼ਟੀਵਲ 2023’ ਬੜੀ ਸ਼ਾਨੋ-ਸੌਕਤ ਨਾਲ ਖੁੱਲੇ ਪਾਰਟੀ ਹਾਲ ਵਿੱਚ ਮਨਾਇਆ ਗਿਆ।
ਜਿੱਥੇ ਰੰਗ-ਬਰੰਗੇ ਸੂਟ, ਫੁੱਲਕਾਰੀਆਂ ਅਤੇ ਗਹਿਣਿਆਂ ਨਾਲ ਸੱਜ-ਧੱਜ ਕੇ ਆਈਆਂ ਮੁਟਿਆਰਾਂ, ਬੱਚੀਆਂ, ਭੈਣਾਂ ਬੀਬੀਆਂ ਨੇ ਭਾਰੀ ਇਕੱਠ ਵਿੱਚ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ। ਇਹ ਪ੍ਰੋਗਰਾਮ ਸਿਰਫ ਔਰਤਾਂ ਲਈ ਹੋਣ ਕਰਕੇ, ਇਸ ਪ੍ਰੋਗਰਾਮ ਵਿੱਚ ਮਰਦਾਂ ਦੇ ਆਉਣ ਦੀ ਮਨਾਹੀ ਸੀ। ਇਸ ਪ੍ਰੋਗਰਾਮ ਵਿੱਚ ਬੱਚੀਆਂ, ਭੈਣਾਂ ਅਤੇ ਬੀਬੀਆਂ ਨੇ ਜਿੱਥੇ ਗਿੱਧੇ, ਗੀਤ ਅਤੇ ਹੋਰ ਡਾਂਸ ਦਾ ਪ੍ਰਦਰਸ਼ਨ ਕੀਤਾ, ਉੱਥੇ ਲੱਗੇ ਬਹੁਤ ਸਾਰੇ ਬੂਥਾਂ ਤੋਂ ਗਹਿਣੇ-ਗੱਟੇ, ਕੱਪੜੇ, ਪੰਜਾਬੀ ਜੁੱਤੀਆਂ ਅਤੇ ਹੋਰ ਵਸਤਾਂ ਵੀ ਖਰੀਦੀਆਂ। ਇਸੇ ਖਾਣੇ ਦੇ ਲੱਗੇ ਸਟਾਲ ਤੋਂ ਵੀ ਮਨਪਸੰਦ ਖਾਣੇ ਖਰੀਦ ਕੇ ਖਾਧੇ। ਇਸ ਸਮੇਂ ਬਹੁਤ ਸਾਰੇ ਰੈਂਫਲ ਵੀ ਕੱਢੇ ਗਏ। ਹਿੱਸਾ ਲੈਣ ਵਾਲੀਆ ਔਰਤਾਂ ਅਤੇ ਬੱਚੀਆਂ ਨੂੰ ਮਾਣ-ਸਨਮਾਨ ਵੀ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਰਾਜ ਸੋਢੀ ਅਤੇ ਰਾਜਪਾਲ ਬਰਾੜ ਆਦਿਕ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ। ਇਸ ਸਮੁੱਚੇ ਪ੍ਰੋਗਰਾਮ ਨੂੰ ਕੁਲਵੀਰ ਸੇਖੋਂ ਅਤੇ ਫਿਲਮੀ ਅਦਾਕਾਰਾ ਕਿਮੀ ਵਰਮਾ ਨੇ ਬਾਖੂਬੀ ਹੋਸ਼ਟ ਕੀਤਾ।
ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਹਰ ਇਕ ਨੇ ਵੱਧ ਕੇ ਹਿੱਸਾ ਪਾਇਆ। ਜਿੰਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਕਮਲ ਗਿੱਲ, ਕੁਲਵੀਰ ਸੇਖੋਂ, ਰਚਨਾਂ ਗਾਂਧੀ, ਰਾਣੀ ਗਿੱਲ ਆਦਿਕ ਦੇ ਨਾਂ ਵਰਨਣਯੋਗ ਹਨ। ਇਸ ਤੋਂ ਇਲਾਵਾ ਰੀਜੈਂਸੀ ਈਵੈਂਟ ਸੈਂਟਰ ਦੇ ਸੰਚਾਲਕ ਅਜੀਤ ਸਿੰਘ ਗਿੱਲ ਨੇ ਸਮੂੰਹ ਪ੍ਰਬੰਧਾਂ ਨੂੰ ਨੇਪਰੇ ਚਾੜਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਅੰਤ ਗਿੱਧੇ, ਗੀਤ-ਸੰਗੀਤ ਅਤੇ ਲੱਗੇ ਵੱਖ-ਵੱਖ ਸਟਾਲਾਂ ਦੇ ਰੰਗ ਵਿੱਚ ਰੰਗਿਆ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।