ਔਕਲੈਂਡ, 11 ਜੁਲਾਈ, 2023: ਨਿਊਜ਼ੀਲੈਂਡ ਇਮੀਗ੍ਰੇਸ਼ਨ ਵਾਲਿਆਂ ਨੇ ‘2021 ਰੈਜ਼ੀਡੈਂਟ ਵੀਜ਼ਾ’ ਅਰਜ਼ੀਆਂ ਦੇ ਵੱਡੇ ਪਹਾੜ ਨੂੰ ਇਕ-ਇਕ ਕਰਕੇ ਹੇਠਾਂ ਖਿਸਕਾ, ਆਪਣੇ ਕੰਪਿਊਟਰਾਂ ਦੇ ਵਿਚ ਠੀਕੇ-ਠੀਕੇ ਲਾ ਕੇ ਬੰਦ ਕਰ ਲਿਆ ਹੈ। ਜਿਵੇਂ ਕਹਿੰਦੇ ਨੇ ਹਾਥੀ ਨਿਕਲ ਗਿਆ ਅਤੇ ਪੂੰਛ ਹੀ ਨਿਕਲਣੀ ਬਾਕੀ ਹੈ। 08 ਜੁਲਾਈ 2023 ਤੱਕ ਪ੍ਰਾਪਤ ਹੋਏ ਅੰਕੜੇ ਦੱਸਦੇ ਹਨ ਕਿ ਇਸ ਵੀਜ਼ਾ ਸ਼੍ਰੇਣੀ ਤਹਿਤ ਕੁੱਲ 106,508 ਅਰਜ਼ੀਆਂ (ਅੱਪਡੇਟਿਡ) ਪ੍ਰਾਪਤ ਹੋਈਆਂ ਹਨ। ਇਨ੍ਹਾਂ ਅਰਜ਼ੀਆਂ ਦੇ ਵਿਚ ਪੱਕੇ ਹੋਣ ਵਾਲਿਆਂ ਦੀ ਅੱਪਡੇਟ ਗਿਣਤੀ 217,714 ਬਣਦੀ ਹੈ। ਉਪਰੋਕਤ ਅਰਜ਼ੀਆਂ ਦੇ ਵਿਚੋਂ ਇਮੀਗ੍ਰੇਸ਼ਨ ਵਿਭਾਗ ਵਾਲਿਆਂ ਨੇ ਬਹੁਤਾ ਕੰਮ ਖਿਚਦਿਆਂ 100,355 ਅਰਜ਼ੀਆਂ ਦਾ ਨਿਬੇੜਾ ਕਰ ਦਿੱਤਾ ਹੈ ਅਤੇ 202,882 ਲੋਕਾਂ ਨੂੰ ਰੈਜ਼ੀਡੈਂਟ ਵੀਜ਼ਾ ਦੇ ਕੇ ਉਨ੍ਹਾਂ ਦਾ ਚਾਅ ਪੂਰਾ ਕਰ ਦਿੱਤਾ ਹੈ। ਇਸ ਦੌਰਾਨ 444 ਅਰਜ਼ੀਆਂ ਅਯੋਗ ਵੀ ਪਾਈਆਂ ਗਈਆਂ ਹਨ।
ਕਿੰਨੇ ਕੁ ਰਹਿ ਗਏ? ਲਗਪਗ 14,832 ਲੋਕਾਂ ਦੀ ਕਿਸਮਤ ਦਾ ਫੈਸਲਾ 6,153 ਬਚੀਆਂ ਅਰਜ਼ੀਆਂ ਦੇ ਵਿਚ ਲਪੇਟਿਆ ਪਿਆ ਹੈ, ਇਨ੍ਹਾਂ ਨੂੰ ‘ਅਪਰੂਵਲ’ ਵਾਲੀ ਈਮੇਲ ਆਉਣ ਦੀ ਹਮੇਸ਼ਾਂ ਬਿੜਕ ਬਣੀ ਰਹਿੰਦੀ ਹੈ, ਲਗਦਾ ਹੈ ਇਹ ਸਾਰਾ ਕਾਰਜ ਜੂਨ ਮਹੀਨੇ ਤੱਕ ਹੋ ਜਾਵੇਗਾ। ਪਹਿਲੇ ਗੇੜ ਦੀਆਂ ਅਰਜ਼ੀਆਂ 1 ਦਸੰਬਰ 2021 ਨੂੰ ਸ਼ੁਰੂ ਹੋਈਆਂ ਸਨ ਅਤੇ ਦੂਜੇ ਗੇੜ ਦੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸਨ ਤੇ 31 ਜੁਲਾਈ 2022 ਨੂੰ ਬੰਦ ਕਰ ਦਿੱਤੀਆਂ ਗਈਆਂ ਸਨ। ਪ੍ਰਤੀ ਅਰਜ਼ੀ ਫੀਸ 2160 ਡਾਲਰ ਰੱਖੀ ਗਈ ਸੀ।
ਭਾਰਤੀਆਂ ਦੀ ਸੰਖਿਆ: ਇਸ ਵੀਜ਼ਾ ਸ਼੍ਰੇਣੀ ਅਧੀਨ 55,500 ਅਰਜ਼ੀਆਂ ਭਾਰਤੀਆਂ ਦੀਆਂ ਹਨ। ਆਸ ਹੈ ਕਿ 55,500 ਦੇ ਕਰੀਬ ਪੱਕੇ ਹੋ ਜਾਣਗੇ।