ਸੁਲਤਨਾਪੁਰ ਲੋਧੀ, 08 ਜੁਲਾਈ 2023 – ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਵਿੱਚ ਇੱਕ ਸਾਲ ਮੁਕੰਮਲ ਕਰ ਲੈਣ ਤੇ ਰਿਪੋਰਟ ਕਾਰਡ ਪੇਸ਼ ਕਰਦਿਆ ਕਿਹਾ ਕਿ 75 ਸਾਲਾਂ ਚ ਪਹਿਲੀ ਵਾਰ ਰਾਜ ਸਭਾ ਵਿੱਚ ਪੰਜਾਬੀ ਲਾਗੂ ਕਰਵਾਏ ਜਾਣ ਦਾ ਉਹਨਾਂ ਨੂੰ ਸਭ ਤੋਂ ਵੱਧ ਫਖਰ ਹੈ। ਸੰਤ ਸੀਚੇਵਾਲ ਨੇ ਆਪਣੇ ਇਕ ਸਾਲ ਦੇ ਕਾਰਜ ਕਾਲ ਦੌਰਾਨ ਪੰਜਾਬ, ਪੰਜਾਬੀ, ਕਿਸਾਨੀ, ਪਾਣੀ, ਵਾਤਾਵਰਣ ਤੇ ਗਰੀਬਾਂ ਲੋੜਵੰਦਾਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਰਾਜ ਸਭਾ ਵਿੱਚ ਉਠਾਇਆ।
ਬਤੌਰ ਮੈਂਬਰ ਪਾਰਲੀਮੈਂਟ ਦੇ ਅਧਿਕਾਰਾਂ ਦੀ ਵਰਤੋਂ ਕਰਦਿਆ ਉਹਨਾਂ ਨੇ ਪ੍ਰਧਾਨ ਰਾਹਤ ਫੰਡ ਵਿੱਚੋਂ ਕੈਂਸਰ ਤੇ ਹੋਰ ਬਿਮਾਰੀਆਂ ਨਾਲ ਪੀੜਿਤ ਲੋਕਾਂ ਨੂੰ 20 ਲੱਖ ਦੀ ਸਹਾਇਤਾ ਲੈ ਕੇ ਦਿੱਤੀ ਉੱਥੇ ਹੀ ਆਪਹਜ਼ ਵਿਅਕਤੀਆਂ ਲਈ ਮੋਟਰਾਈਜ਼ਡ ਟਰਾਈਸਾਈਕਲ ਲਈ 12 ਲੱਖ 84 ਹਜ਼ਾਰ ਦੀ ਸਹਾਇਤਾ ਰਾਸ਼ੀ ਆਪਣੇ ਫੰਡ ਵਿੱਚੋਂ ਦਿੱਤੀ। ਇਸਤੋਂ ਇਲਾਵਾ 100 ਦੇ ਕਰੀਬ ਅਪਾਹਜ਼ ਵਿਅਕਤੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲ ਦਿੱਤੀਆਂ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀਆਂ ਨੂੰ ਉਪਰ ਚੁੱਕਣ ਲਈ ਚਿੱਟੀ ਵੇਈਂ ਤੇ 200 ਕਿਊਸਿਕ ਪਾਣੀ ਛੱਡਣ ਵਾਸਤੇ ਰੈਗੂਲੇਟਰ ਬਣਾਉਣ ਲਈ 1 ਕੋਰੜ 19 ਲੱਖ ਦੇ ਪ੍ਰਜੈਕਟ ਤੇ ਕੰਮ ਸ਼ੁਰੂ ਕਰਵਾਇਆ ਹੈ ਤਾਂ ਜੋ ਚਿੱਟੀ ਵੇਈਂ ਸਾਰਾ ਸਾਲ ਵਗਦੀ ਰਹੇ।
ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਅੰਬੈਸੀਆਂ ਰਾਹੀ ਉਹਨਾਂ ਨੇ ਵੱਖ ਵੱਖ ਦੇਸ਼ਾਂ ਵਿੱਚੋਂ ਟਰੈਵਲ ਏਜੰਟਾਂ ਰਾਹੀ ਫਸੇ ਮੁੰਡੇ ਤੇ ਕੁੜੀਆਂ ਨੂੰ ਸੁਰੱਖਿਅਤ ਆਪਣੇ ਘਰੀ ਪਰਤਾਉਣ ਦਾ ਆਪਣਾ ਮੁੱਢਲਾ ਫਰਜ਼ ਨਿਭਾਇਆ ਹੈ। ਉਹਨਾਂ ਦੱਸਿਆ ਕਿ ਅਰਬ ਦੇਸ਼ਾਂ ਵਿੱਚੋਂ 7 ਲੜਕੀਆਂ ਨੂੰ ਵਾਪਿਸ ਲਿਆਂਦਾ ਗਿਆ ਹੈ ਇਸੇ ਤਰ੍ਹਾਂ ਵੱਖ ਵੱਖ ਦੇਸ਼ਾ ਵਿੱਚ ਫਸੇ 11 ਲੜਕਿਆਂ ਨੂੰ ਵਾਪਿਸ ਲ਼ਿਆਂਦਾ ਗਿਆ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਏ ਜਿਹੜੇ 8 ਨੌਜਵਾਨਾਂ ਦੀ ਮੌਤ ਵਿਦੇਸ਼ਾਂ ਵਿੱਚ ਹੋ ਗਈ ਸੀ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੰੰਤਿਮ ਰਸਮਾਂ ਲਈ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਇਆ ਗਿਆ।