ਜੰਮੂ, 8 ਜੁਲਾਈ- ਜੰਮੂ ਕਸ਼ਮੀਰ ਵਿਚ ਪੈ ਰਹੇ ਮੀਂਹ ਕਾਰਨ ਅੱਜ ਭਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪਸ ਤੋਂ ਅਮਰਨਾਥ ਯਾਤਰਾ ਦੇ ਨਵੇਂ ਜੱਥੇ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਅਧਿਕਾਰੀ ਨੇ ਦੱਸਿਆ ਕਿ ਇਸ ਵਿਚ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਰਾਮਬਨ ਜ਼ਿਲ੍ਹੇ ਵਿਚ ਜੰਮੂ ਰਾਸ਼ਟਰੀ ਰਾਜ ਮਾਰਗ ਬੰਦ ਹੋ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ‘ਮੀਂਹ ਅਤੇ ਕਸ਼ਮੀਰ ਘਾਟੀ ਵਿਚ ਮੌਸਮ ਦੀ ਖ਼ਰਾਬ ਸਥਿਤੀ ਕਾਰਨ ਅੱਜ ਸਵੇਰੇ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪਸ ਤੋਂ ਪਵਿੱਤਰ ਗੁਫ਼ਾ ਲਈ ਕੋਈ ਜੱਥਾ ਰਵਾਨਾ ਨਹੀਂ ਹੋਇਆ।”
ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਸ਼੍ਰੀਨਗਰ ਤੋਂ ਬਾਲਟਾਲ ਅਤੇ ਪਹਿਲਗਾਮ ਮਾਰਗਾਂ ਲਈ ਯਾਤਰਾ ਪਹਿਲਾਂ ਹੀ ਸ਼ੁੱਕਰਵਾਰ ਨੂੰ ਮੁਅੱਤਲ ਕਰ ਦਿੱਤੀ ਗਈ ਸੀ ਅਤੇ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪਸ ਵਿਚ ਤੀਰਥ ਯਾਤਰੀਆਂ ਦੀ ਭੀੜ ਰੋਕਣ ਲਈ ਸ਼ਨੀਵਾਰ ਸਵੇਰੇ ਜੰਮੂ ਤੋਂ ਕੋਈ ਵੀ ਜੱਥਾ ਰਵਾਨਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੀਂਹ ਕਾਰਨ ਰਾਮਬਨ ਵਿਚ ਜ਼ਮੀਨ ਖਿਸਕ ਗਈ, ਜਿਸ ਕਾਰਨ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨਾ ਪਿਆ। ਰਾਮਬਨ ਦੇ ਸੀਨੀਅਰ ਪੁਲੀਸ ਸੁਪਰਡੈਂਟ ਮੋਹਿਤ ਸ਼ਰਮਾ ਨੇ ਟਵੀਟ ਕੀਤਾ,’ਐੱਨ.ਐੱਚ.44 ਤੇ ਵੱਖ-ਵੱਖ ਹਿੱਸਿਆਂ ਵਿਚ ਮੀਂਹ ਦੇ ਨਾਲ-ਨਾਲ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਦੀ ਘਟਨਾ ਹੋਈ ਹੈ।”