ਨਿਊਯਾਰਕ, 4 ਜੁਲਾਈ – ਅਮਰੀਕਾ ਨੇ ਸਾਨ ਫ੍ਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਵਿਚ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਅਪਰਾਧਿਕ ਕਾਰਵਾਈ ਕਰਾਰ ਦਿੱਤਾ ਹੈ। ਖਾਲਿਸਤਾਨ ਸਮਰਥਕਾਂ ਨੇ 2 ਜੁਲਾਈ, 2023 ਨੂੰ ਟਵਿੱਟਰ ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖੇ ਜਾ ਸਕਦੇ ਹਨ। ਵੀਡੀਓ ਵਿੱਚ ‘ਹਿੰਸਾ ਨਾਲ ਹਿੰਸਾ ਦਾ ਜਨਮ ਹੁੰਦਾ ਹੈ’ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਕੈਨੇਡਾ ਸਥਿਤ ‘ਖਾਲਿਸਤਾਨ ਟਾਈਗਰ ਫੋਰਸ’ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਮੌਤ ਨਾਲ ਸਬੰਧਤ ਖ਼ਬਰ ਵੀ ਦਿਖਾਈ ਗਈ।
ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀਆਂ ਵਿੱਚੋਂ ਇੱਕ ਨਿੱਝਰ ਨੂੰ ਪਿਛਲੇ ਮਹੀਨੇ ਕੈਨੇਡਾ ਦੇ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਉਸ ਤੇ 10 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਅਮਰੀਕਾ ਸੈਨ ਫ੍ਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਵਿੱਚ ਭੰਨਤੋੜ ਅਤੇ ਅੱਗਜ਼ਨੀ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕਰਦਾ ਹੈ। ਅਮਰੀਕਾ ਵਿਚ ਡਿਪਲੋਮੈਟਿਕ ਪੋਸਟਾਂ ਜਾਂ ਵਿਦੇਸ਼ੀ ਡਿਪਲੋਮੈਟਾਂ ਖ਼ਿਲਾਫ਼ ਹਿੰਸਾ ਅਪਰਾਧ ਹੈ।”
ਅਮਰੀਕਾ ਵਿਚ ਦੱਖਣੀ ਏਸ਼ੀਆਈ ਪ੍ਰਸਾਰਕ ‘ਦੀਆ ਟੀਵੀ’ ਨੇ ਟਵੀਟ ਕੀਤਾ ਕਿ ‘ਸਾਨ ਫ੍ਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਨੂੰ ਸ਼ਨੀਵਾਰ ਤੜਕੇ 1:30 ਤੋਂ 2:30 ਵਜੇ ਦਰਮਿਆਨ ਅੱਗ ਲਗਾ ਦਿੱਤੀ ਗਈ। ਸੈਨ ਫ੍ਰਾਂਸਿਸਕੋ ਦੇ ਫਾਇਰ ਡਿਪਾਰਟਮੈਂਟ ਨੇ ਜਲਦੀ ਹੀ ਅੱਗ ਤੇ ਕਾਬੂ ਪਾਇਆ, ਘੱਟੋ ਘੱਟ ਨੁਕਸਾਨ ਹੋਇਆ ਅਤੇ ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ। ਸਥਾਨਕ, ਰਾਜ ਅਤੇ ਸੰਘੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।’ ਉਸਨੇ ਹਮਲੇ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ। ਇਸ ਦੌਰਾਨ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੇ ਜਾ ਰਹੇ ਇਕ ਪੋਸਟਰ ਵਿਚ ਲਿਖਿਆ ਹੈ ਕਿ 8 ਜੁਲਾਈ ਨੂੰ ‘ਖਾਲਿਸਤਾਨ ਫਰੀਡਮ ਰੈਲੀ’ ਕੀਤੀ ਜਾਵੇਗੀ ਜੋ ਬਰਕਲੇ, ਕੈਲੀਫੋਰਨੀਆ ਤੋਂ ਸ਼ੁਰੂ ਹੋ ਕੇ ਸੈਨ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ਤੇ ਸਮਾਪਤ ਹੋਵੇਗੀ।