ਆਕਲੈਂਡ, 22 ਜੂਨ, 2023:-ਨਿਊਜ਼ੀਲੈਂਡ ਦੇ ਦੱਖਣੀ ਟਾਪੂ ਵਿਖੇ ਬੀਤੀ 20 ਜੂਨ ਨੂੰ ‘ਮਾਊਂਟ ਕੁੱਕ’ ਖੇਤਰ ਜਿਹੜਾ ਕਿ ਦੇਸ਼ ਦੀ ਸਭ ਤੋਂ ਉਚੀ ਚੋਟੀ ਕਰਕੇ ਜਾਣਿਆ ਜਾਂਦਾ ਹੈ ਵਿਖੇ ਇਕ ਸੜਕ ਹਾਦਸੇ ਵਿਚ ਮੁੰਬਈ ਤੋਂ ਇਥੇ ਪਾਇਲਟ ਬਨਣ ਦੀ ਪੜ੍ਹਾਈ ਕਰਨ ਆਏ ਇਕ ਵਿਦਿਆਰਥੀ ਸ੍ਰੀ ਦੇਵਾਂਸ਼ ਸ਼ਾਹ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਹੀ ਵਾਹਨ ਸ਼ਾਮਿਲ ਸੀ। ਇਸਦੇ ਨਾਲ ਦੋ ਹੋਰ ਵਿਦਿਆਰਥੀ ਵੀ ਗੰਭੀਰ ਜ਼ਖਮੀ ਹੋ ਗਏ। ਮਿ੍ਰਤਕ ਨੌਜਵਾਨ ਨਿਊਜ਼ੀਲੈਂਡ ਏਅਰਲਾਈਨ ਅਕੈਡਮੀ ਓਮਾਰੂ ਦਾ ਵਿਦਿਆਰਥੀ ਸੀ ਅਤੇ ਤਿੰਨ ਮਹੀਨੇ ਪਹਿਲਾਂ ਹੀ ਇਥੇ ਪੜ੍ਹਾਈ ਕਰਨ ਆਇਆ ਸੀ।
ਇਸ ਅਕੈਡਮੀ ਦੇ ਵਿਚ ਬਹੁਤ ਸਾਰੇ ਭਾਰਤੀ ਪਾਇਲਟ ਦਾ ਕੋਰਸ ਕਰਨ ਆਉਂਦੇ ਹਨ। ਘਟਨਾ ਦੁਪਹਿਰ 12.05 ਕੁ ਵਜੇ ਦੀ ਹੈ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਹ ਦੁਰਘਟਨਾ ਸਟੇਟ ਹਾਈਵੇਅ-80 (ਮਾਊਂਟ ਕੁੱਕ ਰੋਡ) ਵਿਖੇ ਗਲਿਨਟੈਨਰ ਸਟੇਸ਼ਨ, ਜ਼ਿਲ੍ਹਾ ਮਕੈਂਨਜੀ ਵਿਖੇ ਹੋਈ। ਇਹ ਉਹ ਜਗ੍ਹਾ ਹੈ ਜਿੱਥੇ ਬਹੁਤ ਖੂਬਸੂਰਤ ਨਜ਼ਾਰਾ ਵੇਖਣ ਵਾਸਤੇ ਸੈਲਾਨੀ ਜਾਂਦੇ ਹਨ। ਜ਼ਖਮੀਆਂ ਵਿਚੋਂ ਇਕ ਬਹੁਤ ਜਿਆਦਾ ਗੰਭੀਰ ਹੈ ਜੋ ਕ੍ਰਾਈਸਟਚਰਚ ਹਸਪਤਾਲ ਵਿਖੇ ਦਾਖਲ ਹੈ, ਦੂਸਰਾ ਵੀ ਕਾਫੀ ਗੰਭੀਰ ਹੈ ਤੇ ਡੁਨੀਡਨ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹੈ। ਮਿ੍ਰਤਕ ਦਾ ਸਰੀਰ ਇਸ ਵੇਲੇ ਕ੍ਰਾਈਸਟਚਰਚ ਵਿਖੇ ਰੱਖਿਆ ਗਿਆ ਹੈ।