ਭਾਰਤੀ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨਮਨ ਓਝਾ ਨੇ ਲਗਭਗ ਦੋ ਦਹਾਕਿਆਂ ਤੱਕ ਘਰੇਲੂ ਕ੍ਰਿਕਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਖੇਡ ਦੇ ਸਾਰੇ ਸਵਰੂਪਾਂ ਤੋਂ ਸੋਮਵਾਰ ਨੂੰ ਆਖਿਰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਰਣਜੀ ਟਰਾਫੀ ਵਿਚ ਵਿਕਟਕੀਪਰ ਦੇ ਤੌਰ ’ਤੇ ਸਭ ਤੋਂ ਵੱਧ ਸ਼ਿਕਾਰ (351) ਦਾ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਮੱਧ ਪ੍ਰਦੇਸ਼ ਦੇ ਇਸ ਧਾਕੜ ਨੇ ਇਕ ਟੈਸਟ, ਇਕ ਵਨ ਡੇ ਤੇ ਦੋ ਟੀ-20 ਕੌਮਾਂਤਰੀ ਵਿਚ ਭਾਰਤੀ ਟੀਮ ਦੀ ਅਗਵਾਈ ਕੀਤੀ ਹੈ।ਓਝਾ ਦੀਆਂ ਇੱਥੇ ਇਕ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕਰਦੇ ਸਮੇਂ ਅੱਖਾਂ ਭਰ ਆਈਆਂ ਸਨ। 37 ਸਾਲ ਦੇ ਖਿਡਾਰੀ ਦੀਆਂ ਕਿਹਾ,‘‘ਮੈਂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਰਿਹਾ ਹਾਂ। ਇਹ ਲੰਬਾ ਸਫਰ ਸੀ ਅਤੇ ਰਾਜ ਤੇ ਰਾਸ਼ਟਰੀ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਮੇਰਾ ਸੁਪਨਾ ਪੂਰਾ ਹੋਇਆ।’’ ਉਸ ਨੇ ਰਾਜ ਤੇ ਰਾਸ਼ਟਰੀ ਟੀਮ ਵਿਚ ਮੌਕਾ ਦੇਣ ਲਈ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਸ. ਪੀ. ਸੀ. ਏ.) ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ.ਆਈ.) ਦਾ ਧੰਨਵਾਦ ਕੀਤਾ।ਸਿਰਫ 17 ਸਾਲ ਦੀ ਉਮਰ ਵਿਚ 2000-01 ਸੈਸ਼ਨ ਵਿਚ ਘਰੇਲੂ ਕ੍ਰਿਕਟ ਵਿਚ ਮੱਧ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੇ ਇਸ ਖਿਡਾਰੀ ਲਈ ਚਮਤਕਾਰੀ ਮਹਿੰਦਰ ਸਿੰਘ ਧੋਨੀ ਦੇ ਯੁੱਗ ਵਿਚ ਰਾਸ਼ਟਰੀ ਟੀਮ ਲਈ ਵਧੇਰੇ ਮੌਕੇ ਮਿਲਣੇ ਮੁਸ਼ਕਿਲ ਹੋ ਗਏ। ਘਰੇਲੂ ਕ੍ਰਿਕਟ ਤੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ 2010 ਵਿਚ ਸ਼੍ਰੀਲੰਕਾ ਵਿਰੁੱਧ ਵਨ ਡੇ ਤੇ ਜ਼ਿੰਬਾਬਵੇ ਵਿਰੁੱਧ ਟੀ-20 ਕੌਮਾਂਤਰੀ ਲੜੀ ਦੇ ਦੋ ਮੈਚਾਂ ਵਿਚ ਉਸ ਨੂੰ ਖੇਡਣ ਦਾ ਮੌਕਾ ਮਿਲਿਆ। ਉਸ ਨੂੰ ਹਾਲਾਂਕਿ ਵਨ ਡੇ ਤੇ ਦੋ ਟੀ-20 ਕੌਮਾਂਤਰੀ ਤੋਂ ਬਾਅਦ ਟੀਮ ਵਿਚ ਮੌਕਾ ਨਹੀਂ ਮਿਲਿਆ। ਭਾਰਤ-ਏ ਦੇ ਨਾਲ 2014 ਆਸਟਰੇਲੀਆ ਦੌਰੇ ’ਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ 2015 ਵਿਚ ਉਸ ਨੂੰ ਭਾਰਤੀ ਟੈਸਟ ਟੀਮ ਲਈ ਚੁਣਿਆ ਗਿਆ। ਸ਼੍ਰੀਲੰਕਾ ਦੌਰੇ ’ਤੇ ਤੀਜੇ ਟੈਸਟ ਵਿਚ ਉਸ ਨੂੰ ਡੈਬਿਊ ਦਾ ਮੌਕਾ ਮਿਲਿਆ ਸੀ, ਜਿਸ ‘ਚ ਉਸ ਨੇ ਪਹਿਲੀ ਪਾਰੀ ਵਿਚ 21 ਤੇ ਦੂਜੀ ਪਾਰੀ ਵਿਚ 35 ਦੌੜਾਂ ਦਾ ਯੋਗਦਾਨ ਦਿੱਤਾ ਸੀ।ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 143 ਮੈਚਾਂ ਵਿਚ 41.67 ਦੀ ਔਸਤ ਨਾਲ 9753 ਦੌੜਾਂ (ਰਣਜੀ ਵਿਚ 7861) ਬਣਾਉਣ ਦੇ ਨਾਲ ਵਿਕਟਾਂ ਦੇ ਪਿੱਛੇ 54 ਸਟੰਪ ਸਮੇਤ 471 ਸ਼ਿਕਾਰ ਕਰਨ ਵਾਲੇ ਓਝਾ ਨੇ ਕਿਹਾ ਕਿ ਉਸ ਨੂੰ ਦੂਜੀਆਂ ਟੀਮਾਂ ਵਲੋਂ ਘਰੇਲੂ ਕ੍ਰਿਕਟ ਵਿਚ ਖੇਡਣ ਦਾ ਪ੍ਰਸਤਾਵ ਮਿਲਿਆ ਸੀ ਪਰ ਪਰਿਵਾਰ ਨੂੰ ਪਹਿਲ ਦੇਣ ਕਾਰਨ ਉਸ ਨੇ ਇਸ ਨੂੰ ਨਾ-ਮਨਜ਼ੂਰ ਕਰ ਦਿੱਤਾ।