ਸਰੀ, 20 ਜੂਨ 2023-ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਧਾਨ ਅਤੇ ਸਿੱਖਸ ਫਾਰ ਜਸਟਿਸ’ ਦੇ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ ਬੀਤੀ ਸ਼ਾਮ ਗੁਰਦੁਆਰਾ ਪਾਰਕਿੰਗ ਵਿੱਚ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੀ ਗਈ ਹੱਤਿਆ ਸੰਬੰਧੀ ਅੱਜ ਬਾਅਦ ਦੁਪਹਿਰ ਪੁਲਿਸ ਜਾਂਚ ਏਜੰਸੀ ਆਈਹਿਟ (IHIT) ਵੱਲੋਂ ਇਕ ਪ੍ਰੈਸ ਕਾਨਫਰੰਸ ਬੁਲਾਈ ਗਈ ਜਿਸ ਵਿਚ ਦੱਸਿਆ ਗਿਆ ਕਿ ਐਤਵਾਰ ਰਾਤ 8:30 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲੌਟ ਵਿੱਚ ਇਕ ਵਾਹਨ ਵਿਚ ਹਰਦੀਪ ਸਿੰਘ ਨਿੱਝਰ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਪਾਇਆ ਗਿਆ ਅਤੇ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੌਕੇ ‘ਤੇ ਉਸ ਦੀ ਮੌਤ ਹੋ ਗਈ।
ਆਈਹਿਟ ਦੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਦੱਸਿਆ ਕਿ ਅਸੀਂ ਆਪਣੀ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਹਾਂ। ਅਸੀਂ ਸਮਝਦੇ ਹਾਂ ਕਿ ਇਸ ਕਤਲ ਦੇ ਇਰਾਦੇ ਬਾਰੇ ਬਹੁਤ ਸਾਰੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ, ਪਰ ਅਸੀਂ ਆਪਣੀ ਜਾਂਚ ਲਈ ਤੱਥਾਂ ਅਤੇ ਸਬੂਤਾਂ ਤੱਕ ਪੁੱਜਣ ਲਈ ਜੁਟੇ ਹੋਏ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਗੋਲੀਬਾਰੀ ਦੇ ਸਮੇਂ ਬਹੁਤ ਸਾਰੇ ਲੋਕ ਮੌਜੂਦ ਸਨ। ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਉਸ ਸਮੇਂ ਮੌਜੂਦ ਹਰੇਕ ਵਿਅਕਤੀ ਨਾਲ ਗੱਲ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਤੁਰੰਤ IHIT ਨਾਲ ਸੰਪਰਕ ਕੀਤਾ ਜਾਵੇ।
ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮੀਡੀਆ ਨਾਲ ਆਪਣੀ ਇੰਟਰਵਿਊ ਦੌਰਾਨ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਨੇ ਆਪਣੇ ਉੱਪਰ ਸੰਭਾਵਿਤ ਹਮਲਾ ਕੀਤੇ ਜਾਣ ਪ੍ਰਤੀ ਖਦਸ਼ਾ ਜਾਹਿਰ ਕੀਤਾ ਸੀ। ਸਥਾਨਕ ਸਿੱਖ ਸੰਗਤਾਂ ਵੱਲੋਂ ਗੋਲੀਬਾਰੀ ਦੇ ਕੁਝ ਘੰਟਿਆਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਕਾਟ ਰੋਡ ‘ਤੇ ਪ੍ਰਦਰਸ਼ਨ ਕੀਤਾ ਗਿਆ ਤੇ ਸੜਕ ‘ਤੇ ਧਰਨਾ ਲਾ ਦਿੱਤਾ। ਸੋਮਵਾਰ ਸਵੇਰੇ 7:30 ਵਜੇ ਦੇ ਕਰੀਬ ਆਰਸੀਐਮਪੀ ਦੀ ਬੇਨਤੀ ‘ਤੇ ਇਸ ਸੜਕ ਨੂੰ ਖੁਲ੍ਹਵਾਇਆ ਗਿਆ।
ਇਸ ਦੌਰਾਨ “ਬੀਸੀ ਸਿੱਖਸ” ਵੱਲੋਂ ਆਪਣੇ ਫੇਸਬੁੱਕ ਪੇਜ ਉੱਪਰ ਪਾਈ ਗਈ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਅਸੀਂ ਇੱਕ ਬਹਾਦਰ ਯੋਧੇ ਦੀ ਮੌਤ ਦਾ ਸਨਮਾਨ ਕਰਦੇ ਹਾਂ ਅਤੇ ਐਲਾਨ ਕਰਦੇ ਹਾਂ ਕਿ ਬਹੁਤ ਸਾਰੇ ਹੋਰ ਉੱਠਣਗੇ। ਬੀਸੀ ਸਿੱਖ ਕੌਮ ਨੂੰ ਅੱਜ ਰਾਤ ਕਾਇਰਾਂ ਹੱਥੋਂ ਨਾ ਪੂਰਾ ਹੋਣ ਵਾਲਾ ਸਰੀਰਕ ਨੁਕਸਾਨ ਹੋਇਆ ਹੈ। ਨਿਡਰ ਕਾਰਕੁਨ ਅਤੇ ਗੁਰੂ ਨਾਨਕ ਸਿੱਖ ਗੁਰੂਦੁਆਰਾ ਸਾਹਿਬ ਦੇ ਅਣਥੱਕ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ ਦੋ ਬੰਦੂਕਧਾਰੀਆਂ ਨੇ ਗੁਰਦੁਆਰੇ ਦੀ ਪਾਰਕਿੰਗ ਤੋਂ ਬਾਹਰ ਨਿਕਲਦੇ ਪਿਕਅੱਪ ਟਰੱਕ ਵਿੱਚ ਗੋਲੀ ਮਾਰ ਦਿੱਤੀ ਹੈ। ਖਾਲਿਸਤਾਨ ਜ਼ਿੰਦਾਬਾਦ ਲਿਖਦਿਆਂ ਕਿਹਾ ਗਿਆ ਹੈ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਮਰ ਗਏ ਹਨ ਪਰ ਉਨ੍ਹਾਂ ਦੀ ਵਿਚਾਰਧਾਰਾ ਇੱਥੋਂ ਹੀ ਤੇਜ਼ੀ ਨਾਲ ਵਧੇਗੀ। ਭਾਈ ਹਰਦੀਪ ਸਿੰਘ ਨਿੱਝਰ, ਭਾਈ ਪੰਜਵੜ, ਭਾਈ ਖੰਡਾ ਅਤੇ ਹੋਰਾਂ ਵੱਲੋਂ ਜੋ ਲੜਾਈ ਲੜੀ ਗਈ ਹੈ, ਉਹ ਜਾਰੀ ਰੱਖੀ ਜਾਵੇਗੀ।