ਫਰੀਦਕੋਟ, 20 ਜੂਨ 2020 – ਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਅਨੁਰਾਗ ਅਗਰਵਾਲ ਆਈ.ਏ.ਐਸ, ਵਿਸ਼ੇਸ਼ ਸਕੱਤਰ ਪੰਜਾਬ ਸਰਕਾਰ ਡਾ.ਈਸ਼ਾ ਕਾਲੀਆ ਆਈ.ਏ.ਐਸ, ਹੈਲਥ ਕਾਰਪੋਰੇਸ਼ਨ ਦੇ ਐਮ.ਡੀ ਤਨੂ ਕੇਸ਼ਵ ਆਈ.ਏ.ਐਸ ਅਤੇ ਡਾ.ਅਵਨੀਤ ਕੌਰ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਪੰਜਾਬ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਸੂਬੇ ਦੇ ਵਿੱਚ ਕੋਵਿਡ-19 ਦੀ ਮਹਾਮਾਰੀ ਦੀ ਰੋਕਥਾਮ,ਸੈਂਪਲਿੰਗ ਅਤੇ ਘਰ-ਘਰ ਨਿਗਰਾਨੀ ਲਈ ਸ਼ੁਰੂ ਕੀਤੇ ਜਾ ਰਹੇ ਸਰਵੇ ਸਬੰਧੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲ ਵੀਡੀਓ ਕਾਨਫਰੰਸ ਰਾਂਹੀ ਮੀਟਿੰਗ ਕੀਤੀ ਅਤੇ ਕੀਤੀਆਂ ਜਾ ਰਹੀਆਂ ਸਰਗਰਮੀਆਂ,ਪ੍ਰਬੰਧ ਅਤੇ ਅੰਕੜਿਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਵੱਲੋਂ ਆਈਸੋਲੇਸ਼ਨ ਵਾਰਡ ਅਤੇ ਕੋਰੋਨਾ ਦੀ ਸੈਂਪਲਿੰਗ ਤੇਜ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ। ਫਰੀਦਕੋਟ ਦੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਵੀ ਫਰੀਦਕੋਟ ਜ਼ਿਲ੍ਹੇ ਦੇ ਕੋਰੋਨਾ ਸਬੰਧੀ ਮਰੀਜ਼ਾਂ ਦੀ ਗਿਣਤੀ, ਸਥਾਪਿਤ ਕੀਤੇ ਫਲੂ ਕਾਰਨਰ ‘ਤੇ ਹੋ ਰਹੀ ਸੈਂਪਲਿੰਗ ਅਤੇ ਜ਼ਿਲ੍ਹੇ ਵਿੱਚ ਕੋਵਿਡ-19 ਤਹਿਤ ਘਰ-ਘਰ ਨਿਗਰਾਨੀ ਐਪ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਵੀਡੀਓ ਕਾਨਫਰੰਸ ਵਿੱਚ ਸਹਾਇਕ ਸਿਵਲ ਸਰਜਨ ਡਾ.ਮਨਜੀਤ ਕ੍ਰਿਸ਼ਨ ਭੱਲਾ, ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ.ਕੀਮਤੀ ਲਾਲ,ਡਾ.ਹਰਕੰਵਲਜੀਤ ਸਿੰਘ,ਡਾ.ਰਜੀਵ ਭੰਡਾਰੀ,ਡਾ.ਅਵਤਾਰਜੀਤ ਸਿੰਘ,ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ,ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਭਾਗ ਲਿਆ।