ਬਲਾਚੌਰ, 12 ਜੂਨ 2023 – ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਾਈਗ੍ਰੇਟਰੀ ਆਬਾਦੀ ਲਈ ਵਿਸ਼ੇਸ਼ ਟੀਕਾਕਰਨ ਸਪਤਾਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ।
ਇਸ ਸਬੰਧੀ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨਦੀਪ ਕਮਲ ਨੇ ਲੈਫ. ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਵਿਖੇ ਐੱਲ ਐੱਚ ਵੀਜ ਅਤੇ ਏ ਐੱਨ ਐੱਮਜ ਨਾਲ ਆਯੋਜਿਤ ਵਿਸ਼ੇਸ਼ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਪਹਿਲੇ ਗੇੜ ਤਹਿਤ ਮਾਈਗ੍ਰੇਟਰੀ ਆਬਾਦੀ ਲਈ 26 ਜੂਨ, 2023 ਤੋਂ 1 ਜੁਲਾਈ, 2023 ਤੱਕ ਵਿਸ਼ੇਸ ਟੀਕਾਕਰਨ ਸਪਤਾਹ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਮੁੱਖ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਹੈ। ਇਸ ਮੁਹਿੰਮ ਤਹਿਤ ਮਾਈਗ੍ਰੇਟਰੀ ਆਬਾਦੀ ਵਿੱਚ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ, ਨੂੰ ਸੰਪੂਰਨ ਕੀਤਾ ਜਾਵੇਗਾ। ਮੀਜ਼ਲ ਤੇ ਰੂਬੇਲਾ ਨੂੰ ਸਾਲ 2023 ਦੇ ਅੰਤ ਤੱਕ ਮੁਕੰਮਲ ਖਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਐੱਮ.ਆਰ-1 ਅਤੇ ਐੱਮ.ਆਰ-2 ਦੇ ਟੀਕਾਕਰਨ ’ਤੇ ਖਾਸ ਧਿਆਨ ਦਿੱਤਾ ਜਾਵੇਗਾ।
ਡਾ. ਕਮਲ ਨੇ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪ੍ਰਵਾਸੀ ਆਬਾਦੀ, ਝੱਗੀਆਂ-ਝੌਂਪੜੀਆਂ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠਿਆ, ਗੁੱਜਰਾਂ ਦੇ ਡੇਰਿਆਂ ਆਦਿ ਇਲਾਕਿਆਂ ਵਿੱਚ ਹੈਡ ਕਾਊਂਟ ਸਰਵੇ ਕੀਤਾ ਜਾਵੇ, ਜਿਸ ਵਿਚ ਡਰਾਪ ਆਊਟ ਤੇ ਲੈਫਟ ਆਊਟ ਬੱਚੇ ਅਤੇ ਗਰਭਵਤੀ ਔਰਤਾਂ ਦੀ ਸੂਚੀ ਬਣਾ ਕੇ ਮਾਈਕਰੋ ਪਲਾਨ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇ। ਬੁੱਧਵਾਰ ਨੂੰ ਛੱਡ ਕੇ 26 ਜੂਨ ਤੋਂ 1 ਜੁਲਾਈ ਤੱਕ ਵਿਸ਼ੇਸ਼ ਟੀਕਾਕਰਨ ਕੈਂਪ ਲਗਾ ਕੇ ਇਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਜਾਵੇ। ਇਨ੍ਹਾਂ ਵਿਸ਼ੇਸ਼ ਕੈਂਪਾਂ ਅਤੇ ਨਿਯਮਤ ਟੀਕਾਕਰਨ ਵਿਚ ਐੱਮ.ਆਰ. 1 ਤੇ ਐੱਮ.ਆਰ. 2 ਦੀ ਕਵਰੇਜ 100 ਫੀਸਦ ਯਕੀਨੀ ਬਣਾਈ ਜਾਵੇ ਤਾਂ ਜੋ ਦਸੰਬਰ 2023 ਤੱਕ ਮੀਜ਼ਲ ਅਤੇ ਰੁਬੇਲਾ ਦੇ ਖਾਤਮੇ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ।
ਡਾ. ਮਨਦੀਪ ਕਮਲ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਉੱਚ ਜ਼ੋਖਮ ਵਾਲੇ ਖੇਤਰਾਂ ਵਿੱਚ 0 ਤੋ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਪ੍ਰਵਾਸੀ ਆਬਾਦੀ, ਝੱਗੀਆਂ-ਝੌਂਪੜੀਆਂ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠਿਆ, ਗੁੱਜਰਾਂ ਦੇ ਡੇਰਿਆਂ ਆਦਿ ‘ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਦੌਰਾਨ ਸੀਨੀਅਰ ਮੈਡੀਕਲ ਅਫਸਰ ਡਾ. ਕੁਲਵਿੰਦਰ ਮਾਨ ਨੇ ਦੱਸਿਆ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਨੂੰ ਪੋਲੀਓ ਸਮੇਤ ਪੀਲੀਆ, ਤਪਦਿਕ, ਗਲ਼ਘੋਟੂ, ਕਾਲੀ ਖੰਘ, ਟੈਟਨੱਸ, ਨਿਮੋਨੀਆ ਤੇ ਦਸਤ, ਖਸਰਾ ਤੇ ਰੂਬੇਲਾ ਅਤੇ ਅੰਧਰਾਤਾ ਵਰਗੀਆਂ 11 ਗੰਭੀਰ ਬਿਮਾਰੀਆਂ ਤੋਂ ਬਚਾਅ ਲਈ ਬੱਚਿਆਂ ਦਾ ਸੰਪੂਰਨ ਟੀਕਾਕਰਨ ਬਹੁਤ ਜ਼ਰੂਰੀ ਹੈ। ਬਿਹਤਰ ਸਿਹਤ ਸੇਵਾਵਾਂ ਰਾਹੀਂ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣਾ ਸਿਹਤ ਵਿਭਾਗ ਦਾ ਮੁੱਢਲਾ ਫਰਜ਼ ਹੈ, ਪਰ ਇਸ ਕਾਰਜ ਵਿੱਚ ਮਾਪਿਆਂ ਦਾ ਜਾਗਰੂਕ ਰਹਿਣਾ ਵੀ ਬਹੂਤ ਜ਼ਰੂਰੀ ਹੈ।