ਬਠਿੰਡਾ, 7 ਜੂਨ 2023 : ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਥਾਨਕ ਏਮਜ਼ ਦੇ ਆਯੂਸ਼, ਓਪੀਡੀ ਤੇ ਐਮਰਜੈਂਸੀ ਵਾਰਡਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਵਲੋਂ ੳਪੀਡੀ ਵਿਖੇ ਮੌਜੂਦ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਵੀ ਜਾਣਿਆ। ਇਸ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਏਮਜ਼ ਦੇ ਡਾਇਰੈਕਟਰ ਪ੍ਰੋ: ਡਾ. ਡੀਕੇ ਸਿੰਘ ਸਮੇਤ ਡਾਕਟਰੀ ਸਟਾਫ਼ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਤੇ ਏਮਜ਼ ਅਤੇ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕਰਦਿਆਂ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਉਨ੍ਹਾਂ ਸਮੂਹ ਡਾਕਟਰਾਂ ਦੀਆਂ ਸਮੱਸਿਆਵਾਂ ਸੁਣੀਆਂ ਜਿਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।
ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਏਮਜ਼ ਮਾਲਵਾ ਇਲਾਕੇ ਨੂੰ ਬਹੁਤ ਵੱਡਾ ਤੋਹਫਾ ਮਿਲਿਆ ਹੈ ਜਿਸ ਨਾਲ ਆਸ-ਪਾਸ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਕਿਸਾਨ ਘੱਟ ਪਾਣੀ ਵਾਲੀਆਂ ਫ਼ਸਲਾਂ ਬੀਜਣ ਨੂੰ ਤਰਜ਼ੀਹ ਦੇਣ ਤਾਂ ਜੋ ਦਿਨ ਪ੍ਰਤੀ ਦਿਨ ਘੱਟ ਰਹੇ ਪਾਣੀ ਦੇ ਪੱਧਰ ਨੂੰ ਨੀਵਾ ਹੋਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਬੋ ਹਵਾ, ਪਾਣੀ ਅਤੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣਾ ਸਾਡੀ ਸਾਰਿਆਂ ਦੀ ਨਿੱਜੀ ਜਿੰਮੇਵਾਰੀ ਹੈ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਕੱਲੇ ਪੌਦੇ ਲਗਾਉਣਾ ਹੀ ਨਹੀਂ ਸਗੋਂ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਵੀ ਲਾਜਮੀ ਹੈ। ਉਨ੍ਹਾਂ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸੈਂਟਰ ਵਾਟਰ ਬੋਰਡ ਦੀ ਪੰਜ ਸਾਲਾ ਰਿਪੋਰਟ ਅਨੁਸਾਰ ਸਾਲ 2039 ਤੱਕ ਪਾਣੀ ਦਾ ਪੱਧਰ ਬਹੁਤ ਨੀਵਾ ਚਲਾ ਜਵਾਗੇ ਇਸ ਲਈ ਸਾਨੂੰ ਵੱਧ ਤੋਂ ਵੱਧ ਪਾਣੀ ਨੂੰ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਇਸ ਉਪਰੰਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸੈਂਟਰਲ ਯੂਨੀਵਰਸਿਟੀ ਘੁੱਦਾ ਦਾ ਦੌਰਾ ਕਰਕੇ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਏਮਜ਼ ਦੇ ਡਾਇਰੈਕਟਰ ਪ੍ਰੋ: ਡਾ. ਡੀਕੇ ਸਿੰਘ, ਡਾ. ਕੰਵਲਜੀਤ ਸਿੰਘ ਕੌੜਾ, ਪ੍ਰੋ: ਰੂਬਲਪ੍ਰੀਤ ਸਿੰਘ, ਡਾ. ਰਾਜੀਵ ਕੁਮਾਰ, ਡਿਪਟੀ ਡਾਇਰੈਕਟਰ ਐਡਮਨਿਸਟ੍ਰੇਸ਼ਨ ਡਾ. ਰਾਜੀਵ ਸੇਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਐਚਓਡੀ ਤੇ ਡਾਕਟਰੀ ਸਟਾਫ਼ ਆਦਿ ਹਾਜ਼ਰ ਰਿਹਾ।