ਸੁਲਤਾਨਪੁਰ ਲੋਧੀ, ਨਿਰਮਲ ਕੁਟੀਆ ਸੀਚੇਵਾਲ ਵਿੱਚ ਦੋ ਦਿਨ ਚੱਲੇ ਕੌਮੀ ਮੁਕਾਬਲਿਆਂ ਵਿੱਚ 9ਵਾਂ ੴ ਗੱਤਕਾ ਨੈਸ਼ਨਲ ਕੱਪ ਪੰਜਾਬ ਨੇ ਜਿੱਤਿਆ। ਦਿੱਲੀ ਦੀ ਟੀਮ 73 ਨੰਬਰ ਲੈਕੇ ਦੂਜੇ ਸਥਾਨ ‘ਤੇ ਰਹੀ ਜਦ ਕਿ ਚੰਡੀਗੜ੍ਹ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਕੀਤੀ। ਇੰਨ੍ਹਾਂ ਵਿੱਚ ਫਰੀ ਸੋਟੀ ਤੇ ਸਿੰਗਲ ਸੋਟੀ ਦੇ ਮੁਕਾਬਲੇ ਕਰਵਾਏ ਗਏ। ਪੂਰੇ ਸ਼ਾਸ਼ਤਰਾਂ ਸਮੇਤ ਪ੍ਰਦਰਸ਼ਨੀ ਕਰਤੱਵ ਵੀ ਦਿਖਾਏ ਗਏ। ਜ਼ਿਕਰਯੋਗ ਕਿ ਸੰਤ ਅਵਤਾਰ ਸਿੰਘ ਜੀ ਦੀ 35ਵੀਂ ਬਰਸੀ ਨੂੰ ਸਮਰਪਿਤ 7 ਦਿਨਾਂ ਖੇਡ ਮੇਲਾ ਅੱਜ ਸੰਪਨ ਹੋ ਗਿਆ। ਇਸ ਖੇਡ ਮੇਲੇ ਵਿੱਚ ਕੁਸ਼ਤੀਆਂ, ਹਾਕੀ, ਵਾਲੀਬਾਲ, ਕੱਬਡੀ ਅਤੇ ਗੱਤਕੇ ਦੇ ਮੁਕਾਬਲੇ ਕਰਵਾਏ ਗਏ ਸਨ।
9ਵੇਂ ੴ ਕੌਮੀ ਗੱਤਕਾ ਕੱਪ ਦੇ ਆਖਰੀ ਦਿਨ ਬਹੁਤ ਹੀ ਰੌਚਿਕ ਮੁਕਾਬਲੇ ਦੇਖਣ ਨੂੰ ਮਿਲੇ। ਇਸ ਮੌਕੇ ਸੰਤ ਲੀਡਰ ਸਿੰਘ ਤੇ ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ ਤੇ ਹੋਰ ਸਖਸ਼ੀਅਤਾਂ ਮੌਜੂਦ ਸਨ। ਕੌਮੀ ਪੱਧਰ ‘ਤੇ ਗੱਤਕੇ ਦੇ ਦੋ ਦਿਨ ਚੱਲੇ ਮੁਕਾਬਲਿਆਂ ਵਿੱਚ ਬਹੁਤ ਹੀ ਫਸਵੇ ‘ਤੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਇਸ ਕੌਮੀ ਗੱਤਕਾ ਟੂਰਨਾਮੈਂਟ ਵਿੱਚ ਦੇਸ਼ ਦੇ 21 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਸੀ ਜਿਸ ਵਿੱਚ 650 ਤੋਂ ਵੱਧ ਖਿਡਾਰੀ ਪਹੁੰਚੇ। ਇਸ ਵਿੱਚ ਵਿਰਾਸਤੀ ਖੇਡ ਗੱਤਕਾ ਵਿੱਚ ਲੜਕੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਟੂਰਨਾਮੈਂਟ ਦੀ ਸਫਲਤਾ ‘ਤੇ ਸਾਰਿਆਂ ਨੂੰ ਵਧਾਈ ਦਿੰਦਿਆ ਸੰਤ ਸੀਚੇਵਾਲ ਨੇ ਇਸ ਦੋ ਦਿਨਾ ਟੂਰਨਾਮੈਂਟ ਰਸਮੀ ਤੌਰ ‘ਤੇ ਸੰਪਨ ਹੋਣ ਦਾ ਐਲਾਨ ਕੀਤਾ। ਇਸ ਟੂਰਨਾਮੈਂਟ ਨੂੰ ਕਰਵਾਉਣ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਵੱਡੀ ਭੂਮਿਕਾ ਰਹੀ।