ਐਸ.ਏ.ਐਸ. ਨਗਰ, 3 ਜੂਨ: ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬੇ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅਦਾਰਾ ‘ਅਜੀਤ’ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਰਾਹਤ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਅੱਜ ਇਥੇ ਕਿਹਾ ਹੈ ਕਿ ਇਸ ਫੈਸਲੇ ਨਾਲ “ਪ੍ਰੈਸ ਦੀ ਆਜ਼ਾਦੀ” ਨੂੰ ਦਬਾਉਣ ਦੇ ਪੈਦਾ ਹੋ ਰਹੇ ਰੁਝਾਨ ਨੂੰ ਠੱਲ ਪਵੇਗੀ। ਉਹਨਾਂ ਮਾਣਯੋਗ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਹੋਰ ਕੇਸਾਂ ਦਾ ਖੁਦ ਨੋਟਿਸ ਲੈ ਕੇ “ਪ੍ਰੈਸ ਦੀ ਆਜ਼ਾਦੀ” ਦੀ ਰਾਖੀ ਕਰੇ।
ਸ਼੍ਰੀ ਸਿੱਧੂ ਨੇ ਕਿਹਾ ਕਿ ਅਦਾਰਾ ‘ਅਜੀਤ’ਅਤੇ ਇਸ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦਾ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਵੱਡਾ ਨਾਂ ਅਤੇ ਰੁਤਬਾ ਹੈ ਜਿਹੜਾ ਇਹਨਾਂ ਨੇ ਕਈ ਦਹਾਕਿਆਂ ਵਿਚ ਨਿਰਪੱਖ, ਆਜ਼ਾਦ ਅਤੇ ਉਸਾਰੂ ਸੋਚ ਦੇ ਬਿਖੜੇ ਪੈਂਡੇ ਉਤੇ ਲਗਾਤਾਰ ਅਡੋਲ ਤੁਰਦਿਆਂ ਬਣਾਇਆ ਹੈ।ਉਹਨਾਂ ਕਿਹਾ ਕਿ ਸ਼੍ਰੀ ਹਮਦਰਦ ਵਰਗੇ ਸੀਨੀਅਰ ਪੱਤਰਕਾਰ ਨੂੰ ਵਿਜੀਲੈਂਸ ਵਲੋਂ ਪੁੱਛ-ਗਿੱਛ ਲਈ ਤਲਬ ਕਰਨ ਨੂੰ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਕਿਹਾ ਕਿ ਮਾਣਯੋਗ ਹਾੲਕੋਰਟ ਵਲੋਂ ਸ਼੍ਰੀ ਹਮਦਰਦ ਨੂੰ ਤਲਬ ਕਰ ਕੇ ਪੁੱਛ-ਗਿੱਛ ਕਰਨ ਦੀ ਥਾਂ ਲਿਖਤੀ ਸਵਾਲ ਭੇਜ ਕੇ ਜਵਾਬ ਲੈਣ ਦੇ ਕੀਤੇ ਫੈਸਲੇ ਨਾਲ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਸ਼ਾਨ ਬਹਾਲ ਹੋਈ ਹੈ।
ਸਾਬਕਾ ਸਿਹਤ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ‘ਅਜੀਤ’ ਨੇ ਪਹਿਲਾਂ ਵੀ ਕਈ ਵਾਰ ਸਰਕਾਰੀ ਧੱਕੇਸ਼ਾਹੀਆਂ ਦਾ ਅਡੋਲ ਰਹਿ ਕੇ ਮੁਕਾਬਲਾ ਕਰਦਿਆਂ ਜਿਤ ਪ੍ਰਾਪਤ ਕੀਤੀ ਹੈ ਅਤੇ ਇਸ ਲੜਾਈ ਵਿਚੋਂ ਵੀ ਉਹ ਹੋਰ ਸ਼ਕਤੀਸ਼ਾਲੀ ਹੋ ਕੇ ਨਿਕਲੇਗਾ।