ਕੋਟਕਪੂਰਾ 30 ਮਈ 2023 : ਅਮਰ ਸਿੰਘ ਚਮਕੀਲਾ ਦਾ ਅਸਲੀ ਨਾਂ ਧਨੀ ਰਾਮ ਸੀ। ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਅਜਿਹੀ ਪਛਾਣ ਬਣਾਈ ਸੀ ਕਿ ਉਹ ਨੌਜਵਾਨਾਂ ‘ਚ ‘*ਏਲਵਿਸ ਆਫ ਪੰਜਾਬ’ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਧਨੀ ਰਾਮ ਉਰਫ ਚਮਕੀਲਾ ਗਾਇਕੀ ਦੇ ਖੇਤਰ ਵਿਚ ਆਉਣ ਤੋਂ ਪਹਿਲਾਂ ਗੀਤ ਲਿਖਦਾ ਹੁੰਦਾ ਸੀ। ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ’ਤੇ ਵਰਤਣਾ ਚਮਕੀਲੇ ਨੂੰ ਬਾਖ਼ੂਬੀ ਆਉਂਦਾ ਸੀ। ਉਸ ਦਾ ਗੱਲ ਕਹਿਣ ਦਾ ਅੰਦਾਜ ਸਿੱਧਾ ਤੇ ਸਪਸ਼ਟ ਸੀ, ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ।
ਅਮਰ ਸਿੰਘ ਚਮਕੀਲਾ ਦੇ ਨਾਲ ਉਸ ਦੀ ਦੁੱਜੀ ਪਤਨੀ ਅਮਰਜੋਤ ਕੌਰ ਵੀ ਗੀਤ ਗਾਉਂਦੀ ਸੀ। ਇਸ ਜੋੜੀ ਦੇ ਗੀਤ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿਚ ਕਾਫੀ ਗੂੰਜਦੇ ਸਨ। ਪਰ ਕਿਹਾ ਜਾਂਦਾ ਹੈ ਕਿ ਕੁਝ ਲੋਕ ਉਸ ਦੇ ਗੀਤਾਂ ਤੋਂ ਖੁਸ਼ ਨਹੀਂ ਸਨ।
ਚਮਕੀਲੇ ਦੇ ਗੀਤਾਂ ਵਿੱਚ ਜਿੱਥੇ ਮਿਰਜ਼ਾ-ਸਾਹਿਬਾ, ਹੀਰ-ਰਾਂਝੇ ਦੀਆਂ ਕਹਾਣੀਆਂ ਦੀ ਝਲਕ ਸੁਣਾਈ ਦਿੰਦੀ ਸੀ, ਉੱਥੇ ਇਨ੍ਹਾਂ ਵਿੱਚ ਦੋਹਰੇ ਅਰਥਾਂ ਵਾਲੇ ਸ਼ਬਦਾਂ ਦੀ ਵਰਤੋਂ ਵੀ ਹੁੰਦੀ ਸੀ। ਵਿਆਹ ਤੋਂ ਬਾਹਰਲੇ ਸਬੰਧ, ਸ਼ਰਾਬ, ਨਸ਼ਾਖੋਰੀ ਵਰਗੇ ਵਿਸ਼ੇ ਵੀ ਉਸ ਤੋਂ ਅਛੂਤੇ ਨਹੀਂ ਸਨ। ਚਮਕੀਲੇ ਨੇ ਅਮਰਜੋਤ ਤੋਂ ਬਿਨਾਂ
ਸੁਰਿੰਦਰ ਸੋਨੀਆ ਅਤੇ ਮਿਸ ਊਸ਼ਾ ਨਾਲ ਵੀ ਗੀਤ ਗਏ।
ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਉਰਫ ਅਮਰ ਸਿੰਘ ਚਮਕੀਲੇ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਚਮਕੀਲੇ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ।
ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ਟਕੂਏ ਤੇ ਟਕੂਆ ਖੜਕੇ ਐਚ.ਐਮ.ਵੀ. ਕੰਪਨੀ ’ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਕੱਢਿਆ। ਇਸ ਵਿੱਚ ਚਮਕੀਲੇ ਦੇ ਲਿਖੇ, ਕੰਪੋਜ਼ ਅਤੇ ਗਾਏ ਕੁੱਲ ਅੱਠ ਗੀਤ ਸਨ। ਇਹ ਐਲ.ਪੀ. ਗਰਮ ਜਲੇਬੀਆਂ ਵਾਂਗ ਵਿਕਿਆ। ਚਮਕੀਲਾ ਰਾਤੋ ਰਾਤ ਸਟਾਰ ਬਣ ਚੁੱਕਿਆ ਸੀ। ਸੁਰਿੰਦਰ ਸੋਨੀਆ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ। ਇਸ ਤੋਂ ਬਾਅਦ ਚਮਕੀਲੇ ਨਾਲ ਨਵੀਂ ਗਾਇਕਾ ਮਿਸ ਊਸ਼ਾ ਆ ਰਲੀ ਪਰ ਉਸ ਦੀ ਪਤਲੀ ਤੇ ਕਮਜ਼ੋਰ ਆਵਾਜ਼ ਚਮਕੀਲੇ ਦੇ ਮੁਕਾਬਲੇ ਸੰਤੁਲਨ ਕਾਇਮ ਨਾ ਰੱਖ ਸਕੀ।
ਫਰੀਦਕੋਟ ਦੀ ਜੰਮਪਲ ਅਮਰਜੋਤ ਜੋ ਕਿ ਉਸ ਸਮੇਂ ਦੇ ਮਸ਼ਹੂਰ ਪੰਜਾਬੀ ਗਾਇਕ ਕੁਲਦੀਪ ਮਾਣਕ ਨਾਲ ਗਾ ਰਹੀ ਸੀ, ਸਾਲ 1980 ਵਿੱਚ ਅਮਰਜੋਤ, ਚਮਕੀਲੇ ਦੇ ਸੰਪਰਕ ਵਿੱਚ ਆਈ ਅਮਰਜੋਤ ਸੰਗੀਤਕ ਸ਼ੌਕ ਕਾਰਨ ਆਪਣੇ ਪਰਿਵਾਰਕ ਜੀਵਨ ਨੂੰ ਛੱਡ ਚੁੱਕੀ ਸੀ। ਬਾਅਦ ’ਚ ਚਮੀਕਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ ਸੀ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੋਗਾਣਾ ਗਾਇਕੀ ’ਚ ਬੁਲੰਦੀਆਂ ਨੂੰ ਛੂਹਿਆ। ਅਮਰਜੋਤ ਤੇ ਚਮਕੀਲੇ ਦੀਆਂ ਲਗਪਗ 10-12 ਟੇਪਾਂ ਮਾਰਕੀਟ ਵਿੱਚ ਆਈਆਂ।
ਮਹਿਸਮਪੁਰ 2018 ਦੀ ਇੱਕ ਭਾਰਤੀ ਮਖੌਲੀ ਫ਼ਿਲਮ ਹੈ ਜੋ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਹੈ, ਜਿਸਦਾ ਨਿਰਮਾਣ ਅਤੇ ਨਿਰਦੇਸ਼ਨ ਕਬੀਰ ਸਿੰਘ ਚੌਧਰੀ ਦੁਆਰਾ ਕੀਤਾ ਗਿਆ ਹੈ।
ਦੀਪਾ ਰਾਏ ਦੁਆਰਾ ਨਿਰਦੇਸ਼ਤ ਪੰਜਾਬੀ ਫਿਲਮ 22 ਚਮਕੀਲਾ ਫਾਰਐਵਰ (2022) ਵੀ ਚਮਕੀਲਾ ਦੇ ਜੀਵਨ ਤੇ ਅਧਾਰਿਤ ਫਿਲਮ ਹੈ। ਪੰਜਾਬੀ ਫ਼ਿਲਮ ਜੋੜੀ ਵੀ ਇਸੇ ਕਹਾਣੀ ਤੇ ਆਧਾਰਿਤ ਫਿਲਮ ਹੈ। ਇਸ ‘ਚ ਵੀ ਦਿਲਜੀਤ ਹੀ ਹਨ ਅਤੇ ਮਹਿਲਾ ਅਦਾਕਾਰ ਨਿਮਰਤ ਖਹਿਰਾ ਹਨ। ਇਸ ਫਿਲਮ ਨੂੰ ਰਿਧਮ ਬੁਆਏਜ਼ ਐਂਟਰਟੇਨਮੈਂਟ ਅਤੇ ਦਿਲਜੀਤ ਮੋਸ਼ਨ ਪਿਕਚਰ ਨੇ ਮਿਲ ਕੇ ਬਣਾਇਆ ਹੈ।
ਬਹੁਤ ਸਾਰੇ ਲੋਕ ਇਹ ਗੱਲ ਭੁੱਲ ਚੁੱਕੇ ਹਨ ਕਿ ਅਮਰ ਸਿੰਘ ਚਮਕੀਲੇ ਅਤੇ ਅਮਰਜੋਤ ਦੀ ਜੋੜੀ ਨੇ 1988 ਵਿਚ ਆਈ ਪੰਜਾਬੀ ਫਿਲਮ ਪਟੋਲਾ ਵਿਚ ਕੈਮਿਓ ਰੋਲ ਕੀਤਾ ਸੀ। ਅਮਰਜੋਤ ਅਤੇ ਚਮਕੀਲੇ ਦੇ ਇਸ ਅਖਾੜੇ ਦੀ ਸ਼ੂਟਿੰਗ ਕੋਟਕਪੂਰਾ ਦੀ ਗਰੀਨ ਅਵੇਨਿਊ ਕਾਲੋਨੀ ਵਿਖੇ ਹੁਣ ਬੰਦ ਪਈ ਇਕ ਫੈਕਟਰੀ ਵਿਚ ਕੀਤੀ ਗਈ ਸੀ। ਇਸ ਫਿਲਮ ਦੇ ਨਿਰਦੇਸ਼ਕ ਜਗਜੀਤ ਸਨ ਅਤੇ ਇਸ ਫਿਲਮ ਦੇ ਵੱਡੇ ਸਿਤਾਰੇ ਵਰਿੰਦਰ, ਸਤੀਸ਼ ਕੌਲ, ਦਲਜੀਤ ਕੌਰ, ਸ਼ੋਭਨੀ ਸਿੰਘ, ਸੁਰਿੰਦਰ ਸ਼ਿੰਦਾ, ਮੁਹੰਮਦ ਸਦੀਕ, ਗੁਰਚਰਨ ਪੋਹਲੀ, ਗੋਰੀ ਖੁਰਾਣਾ, ਮਦਨ ਲਾਲ ਰਾਹੀ ਅਤੇ ਮਿਹਰ ਮਿੱਤਲ ਸਨ। ਇਸ ਫ਼ਿਲਮ ਨੂੰ ਜੇ ਪੀ ਪਰਦੇਸੀ,ਮਨਜੀਤ ਲਵਲੀ ਅਤੇ ਰੰਮੀ ਭਲਵਾਨ ਨੇ ਬਣਾਇਆ ਸੀ। ਇਹ ਫ਼ਿਲਮ ਸਿਰਫ। ਚਮਕੀਲੇ ਦੇ ਆਈਟਮ ਸੋਂਗ ਜਾਂ ਅਖਾੜੇ ਕਾਰਣ ਸੁਪਰ ਹਿੱਟ ਰਹੀ ਸੀ। ਫ਼ਿਲਮ “ਪਟੋਲਾ” ਦਾ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਫ਼ਿਲਮ ਹਿੱਟ ਹੋਣ ਦਾ ਬਹੁਤ ਵੱਡਾ ਕਾਰਨ ਬਣਿਆ ਸੀ। ਪਰ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਹੀ ਇਸ ਫਿਲਮ ਅਤੇ ਅਪਣੀ ਲੋਕਪ੍ਰਿਅਤਾ ਨੂੰ ਵੇਖਣ ਲਈ ਇਸ ਜੱਗ ਤੇ ਨਹੀਂ ਰਹੀ ਸੀ। ਕੋਟਕਪੂਰੇ ਦੇ ਅਮਰ ਸਿਨੇਮਾ ਵਿਖੇ ਇਸ ਫਿਲਮ ਦੇ ਪ੍ਰਮੋਸ਼ਨ ਸ਼ੋ ਅਤੇ ਰਿਲੀਜ਼ ਮੌਕੇ ਜਦੋਂ ਚਮਕੀਲੇ ਦਾ ਅਖਾੜਾ ਚਲਦਾ ਸੀ ਤਾਂ ਕੁੱਝ ਲੋਕ ਨੋਟਾਂ ਦੀ ਵਰਖਾ ਕਰ ਦਿੰਦੇ ਸੀ। ਇਹ ਫਿਲਮ ਚਮਕੀਲੇ ਅਤੇ ਅਮਰਜੋਤ ਦੇ ਕਤਲ ਦੇ ਕੁੱਝ ਸਮੇਂ ਬਾਅਦ ਹੀ ਰਿਲੀਜ਼ ਹੋਈ ਸੀ। ਇਸ ਫਿਲਮ ਦੇ ਨਿਰਮਾਤਾ ਜੇ ਪੀ ਪਰਦੇਸੀ ਅੱਜ ਵੀ ਇਸ ਫਿਲਮ ਦੀ ਸ਼ੂਟਿੰਗ ਅਤੇ ਚਮਕੀਲੇ ਦੀਆਂ ਯਾਦਾਂ ਨੂੰ ਲੈਕੇ ਭਾਵੁਕ ਹੋ ਜਾਂਦੈ ਹਨ। ਕੋਟਕਪੂਰਾ ਵਿਖੇ ਜਦੋਂ ਇਸ ਅਖਾੜੇ ਦੀ ਸ਼ੂਟਿੰਗ ਹੋ ਰਹੀ ਸੀ ਤਾਂ ਸੈਂਕੜੇ ਲੋਕਾਂ ਨੇ ਸ਼ੂਟਿੰਗ ਸਥਾਨ ਦੇ ਆਸਪਾਸ ਵਾਲੇ ਘਰਾਂ ਦੀਆਂ ਛੱਤਾਂ ਤੇ ਖੜਕੇ ਇਹ ਸ਼ੂਟਿੰਗ ਵੇਖੀ ਸੀ, ਜਦੋਂਕਿ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਹੀ ਆਪਣੇ ਆਪ ਨੂੰ ਫਿਲਮ ਵਿਚ ਨਹੀਂ ਵੇਖ ਸਕੀ ਸੀ।