ਪਟਿਆਲਾ, 1 ਫਰਵਰੀ 2022: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਨੇ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਿਧਾਨ ਸਭਾ ਚੋਣਾਂ ਲਈ ਗਠਿਤ ਜ਼ਿਲ੍ਹਾ ਪੱਧਰੀ ਮੀਡੀਆ ਸਰਟੀਫਿਕੇਸ਼ਨ ਅਤੇ ਮੀਡੀਆ ਮੋਨੀਟਰਿੰਗ ਕਮੇਟੀ ਦੇ ਮੈਂਬਰਾਂ ਨਾਲ ਇੱਕ ਬੈਠਕ ਕਰਕੇ ਮੁੱਲ ਦੀਆਂ ਖ਼ਬਰਾਂ ਅਤੇ ਉਮੀਦਵਾਰਾਂ ਵੱਲੋਂ ਬਗੈਰ ਸਰਟੀਫਿਕੇਸ਼ਨ ਸੋਸ਼ਲ ਮੀਡੀਆ ਖਾਤਿਆਂ ‘ਤੇ ਅਪਲੋਡ ਕੀਤੇ ਜਾਂਦੇ ਕ੍ਰਇਏਟਿਵਜ ਸਮੇਤ ਬਿਨ੍ਹਾਂ ਪ੍ਰਵਾਨਗੀ ਇਸ਼ਿਤਿਹਾਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਵੀ ਮੌਜੂਦ ਸਨ।
ਸੰਦੀਪ ਹੰਸ ਨੇ ਐਮ.ਸੀ.ਐਮ.ਸੀ. ਦੀ ਕਾਰਜ ਪ੍ਰਣਾਲੀ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਕਮੇਟੀ ਨੇ ਹੁਣ ਤੱਕ ਸੋਸ਼ਲ ਮੀਡੀਆ ਤੇ ਆਊਟ ਡੋਰ ਮੀਡੀਆ ਲਈ ਕ੍ਰਇਏਟਿਵਜ ਆਦਿ ਦੇ 20 ਸਰਟੀਫਿਕੇਟ ਜਾਰੀ ਕੀਤੇ ਹਨ। ਇਸ ਤੋਂ ਬਿਨ੍ਹਾਂ ਪ੍ਰਵਾਨਗੀ ਅਪਲੋਡ ਕੀਤੇ ਕ੍ਰਇਏਟਿਵਜ ਲਈ 3 ਉਮੀਦਵਾਰਾਂ ਨੂੰ ਨੋਟਿਸ ਜਾਰੀ ਕਰਨ ਲਈ ਕੇਸ ਰਿਟਰਨਿੰਗ ਅਧਿਕਾਰੀਆਂ ਨੂੰ ਭੇਜੇ ਹਨ ਅਤੇ ਵੱਖ-ਵੱਖ ਅਖ਼ਬਾਰਾਂ ‘ਚ ਛਪੇ 8 ਇਸ਼ਤਿਹਾਰਾਂ ਦਾ ਖ਼ਰਚਾ ਸਬੰਧਤ ਸਿਆਸੀ ਪਾਰਟੀਆਂ ਦੇ ਖਾਤਿਆਂ ‘ਚ ਜੋੜਨ ਲਈ ਰਿਪੋਰਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੰਤਵ, ਉਮੀਦਵਾਰਾਂ ਦੇ ਚੋਣ ਖ਼ਰਚੇ ਸਮੇਤ ਆਦਰਸ਼ ਚੋਣ ਜਾਬਤੇ ਦੀ ਪਾਲਣਾ ਯਕੀਨੀ ਬਣਾਉਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ, ਸਿਆਸੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਸਮੇਤ ਸਥਾਨਕ ਸੋਸ਼ਲ ਸਾਇਟਾਂ, ਵੈਬ ਪੋਰਟਲਾਂ ਆਦਿ ‘ਤੇ 24 ਘੰਟੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਮੀਡੀਆ ਰਾਹੀਂ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀਂ ਪ੍ਰਕਾਸ਼ਤ ਤੇ ਪ੍ਰਸਾਰਤ ਹੁੰਦੀਆਂ ਖ਼ਬਰਾਂ ਨੂੰ ਵੀ ਬਾਰੀਕੀ ਨਾਲ ਵਾਚਿਆ ਜਾ ਰਿਹਾ ਹੈ।
ਐਮ.ਸੀ.ਐਮ.ਸੀ. ਦੇ ਮੈਂਬਰ ਸਕੱਤਰ ਤੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਨੇ ਐਮ.ਸੀ.ਐਮ.ਸੀ. ਦੀ ਕਾਰਜਪ੍ਰਣਾਲੀ ਬਾਰੇ ਵਿਸਥਾਰ ‘ਚ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਹੋਰਨਾਂ ਮੈਂਬਰਾਂ ‘ਚ ਸ਼ਾਮਲ ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ, ਆਲ ਇੰਡੀਆ ਰੇਡੀਓ ਤੋਂ ਸ਼ਹਿਨਾਜ ਜੌਲੀ ਕੌੜਾ, ਪ੍ਰੋ. ਲਵਲੀਨ ਪ੍ਰਮਾਰ, ਜ਼ਿਲ੍ਹਾ ਸੂਚਨਾ ਅਫ਼ਸਰ ਸੰਜੀਵ ਸ਼ਰਮਾ, ਏ.ਪੀ.ਆਰ.ਓਜ ਜਸਤਰਨ ਸਿੰਘ ਤੇ ਹਰਦੀਪ ਸਿੰਘ ਸਮੇਤ ਤਕਨੀਕੀ ਮਾਹਰ ਅਮਰਪ੍ਰੀਤ ਸਿੰਘ, ਨਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਟੀ.ਵੀ. ਰੇਡੀਓ ਤੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ‘ਚ ਕ੍ਰਇਏਟਿਵ ਅਪਲੋਡ ਕਰਨ ਸਮੇਤ ਇਸ਼ਤਿਹਾਰ ਦੇਣ ਲਈ ਜ਼ਿਲ੍ਹਾ ਪੱਧਰੀ ਐਮ.ਸੀ.ਐਮ.ਸੀ. ਤੋਂ ਪ੍ਰੀ-ਸਰਟੀਫਿਕੇਸ਼ਨ ਕਰਵਾਉਣ ਲਈ ਨਿਰਧਾਰਤ ਪ੍ਰੋਫਾਰਮੇ ‘ਚ ਭਰ ਕੇ ਅਪਲਾਈ ਕਰਨਾ ਪਵੇਗਾ, ਜਿਸ ਦੀ ਕਮੇਟੀ ਵੱਲੋਂ 24 ਘੰਟਿਆਂ ‘ਚ ਸਰਟੀਫਿਕੇਸ਼ਨ ਕੀਤੀ ਜਾਵੇਗੀ। ਇਸ ਤੋਂ ਬਿਨ੍ਹਾਂ ਬਲਕ ਐਸ.ਐਮ.ਐਸ. ਤੇ ਆਡੀਓ ਸੁਨੇਹੇ ਭੇਜਣ, ਵੀਡੀਓ ਤੇ ਆਡੀਓ ਵੈਨਾਂ ‘ਚ ਵਰਤੀ ਜਾਣ ਵਾਲੀ ਸਮੱਗਰੀ ਦੀ ਵੀ ਪ੍ਰੀ-ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ।