ਨਵੀਂ ਦਿੱਲੀ, 20 ਜਨਵਰੀ -ਭਾਰਤੀ ਫ਼ੌਜ ਨੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਤੋਂ ਲਾਪਤਾ ਇੱਕ ਮੁੰਡੇ ਮਿਰਾਮ ਟੈਰੋਨ ਦਾ ਪਤਾ ਲਗਾਉਣ ਅਤੇ ਸਥਾਪਤ ਪ੍ਰੋਟੋਕਾਲ ਅਨੁਸਾਰ ਉਸ ਨੂੰ ਵਾਪਸ ਕਰਨ ਲਈ ਮਦਦ ਮੰਗੀ ਹੈ। ਰੱਖਿਆ ਸਥਾਪਨਾ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਤਾਪਿਰ ਗਾਵ ਨੇ ਕਿਹਾ ਸੀ ਕਿ ਪੀ. ਐੱਲ. ਏ. ਨੇ 18 ਜਨਵਰੀ ਨੂੰ ਰਾਜ ਦੇ ਅਪਰ ਸਿਆਂਗ ਜ਼ਿਲ੍ਹੇ ਵਿੱਚ ਭਾਰਤੀ ਖੇਤਰ ਤੋਂ 17 ਸਾਲਾ ਇੱਕ ਮੁੰਡੇ ਨੂੰ ਅਗਵਾ ਕਰ ਲਿਆ। ਸੂਤਰਾਂ ਨੇ ਕਿਹਾ ਕਿ ਜਦੋਂ ਭਾਰਤੀ ਫ਼ੌਜ ਨੂੰ ਟੈਰੋਨ ਦੇ ਲਾਪਤਾ ਹੋਣ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਹੌਟਲਾਈਨ ਦੇ ਸਥਾਪਤ ਤੰਤਰ ਦੇ ਮਾਧਿਅਮ ਨਾਲ ਪੀ. ਐੱਲ. ਏ. ਨਾਲ ਸੰਪਰਕ ਕਰ ਕੇ ਸੂਚਿਤ ਕੀਤਾ ਕਿ ਜੜ੍ਹੀਆਂ-ਬੂਟੀਆਂ ਇਕੱਠੀਆਂ ਕਰਨ ਨਿਕਲਿਆ ਇੱਕ ਮੁੰਡਾ ਰਸਤਾ ਭਟਕ ਗਿਆ ਹੈ ਅਤੇ ਉਸ ਦਾ ਪਤਾ ਨਹੀਂ ਲੱਗ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਪੀ. ਐੱਲ. ਏ. ਤੋਂ ਉਨ੍ਹਾਂ ਦੇ ਖੇਤਰ ਵਿੱਚ ਮੁੰਡੇ ਦਾ ਪਤਾ ਲਗਾਉਣ ਅਤੇ ਸਥਾਪਤ ਪ੍ਰੋਟੋਕਾਲ ਅਨੁਸਾਰ ਉਸ ਨੂੰ ਵਾਪਸ ਕਰਨ ਲਈ ਮਦਦ ਮੰਗੀ ਹੈ।
ਗਾਵ ਨੇ ਬੀਤੇ ਦਿਨ ਕਿਹਾ ਸੀ ਕਿ ਘਟਨਾ ਉਸ ਸਥਾਨ ਤੇ ਵਾਪਰੀ ਜਿੱਥੋਂ ਸਾਂਗਪੋ ਨਦੀ ਅਰੁਣਾਚਲ ਪ੍ਰਦੇਸ਼ ਵਿੱਚ ਭਾਰਤ ਵਿੱਚ ਪ੍ਰਵੇਸ਼ ਕਰਦੀ ਹੈ। ਸਾਂਗਪੋ ਨੂੰ ਅਰੁਣਾਚਲ ਪ੍ਰਦੇਸ਼ ਵਿੱਚ ਸਿਆਂਗ ਅਤੇ ਆਸਾਮ ਵਿੱਚ ਬ੍ਰਹਮਾਪੁੱਤਰ ਕਿਹਾ ਜਾਂਦਾ ਹੈ। ਸੰਸਦ ਮੈਂਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸ਼ਿਥ ਪ੍ਰਮਾਣਿਕ ਨੂੰ ਘਟਨਾ ਤੋਂ ਜਾਣੂੰ ਕਰਵਾ ਦਿੱਤਾ ਹੈ ਅਤੇ ਉਨ੍ਹਾਂ ਤੋਂ ਇਸ ਸੰਬੰਧ ਵਿੱਚ ਜ਼ਰੂਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।