ਹੈਦਰਾਬਾਦ, 27 ਦਸੰਬਰ – ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਤੇਲੰਗਾਨਾ-ਛੱਤੀਸਗੜ੍ਹ ਸਰਹੱਦੀ ਖੇਤਰ ਵਿੱਚ ਪੁਲੀਸ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ 6 ਨਕਸਲੀ ਮਾਰੇ ਗਏ। ਕੋਠਾਗੁਡੇਮ ਥਾਣੇ ਦੇ ਐੱਸ. ਪੀ. ਸੁਨੀਲ ਦੱਤ ਮੁਤਾਬਕ ਤੇਲੰਗਾਨਾ-ਛੱਤੀਸਗੜ੍ਹ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀ. ਆਰ. ਪੀ. ਐੱਫ.) ਦੀ ਇੱਕ ਸਾਂਝੀ ਮੁਹਿੰਮ ਵਿੱਚ ਨਕਸਲੀ ਮਾਰੇ ਗਏ। ਘਟਨਾ ਸੁਕਮਾ ਜ਼ਿਲ੍ਹੇ ਦੇ ਦੱਖਣੀ ਬਸਤਰ ਖੇਤਰ ਦੇ ਕਿਸ਼ਤਾਰਾਮ ਥਾਣਾ ਖੇਤਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਵਾਨਾਂ ਨੇ ਹੁਣ ਤੱਕ 6 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉੱਥੇ ਹੀ ਮੌਕੇ ਤੋਂ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਹ ਆਪਰੇਸ਼ਨ ਤੇਲੰਗਾਨਾ ਦੇ ਕੋਠਾਗੁਡੇਮ ਐੱਸ. ਪੀ. ਸੁਨੀਲ ਦੱਤ ਦੀ ਅਗਵਾਈ ਵਿੱਚ ਚਲਾਇਆ ਗਿਆ ਸੀ। ਉੱਥੇ ਹੀ ਮੌਕੇ ਤੇ ਲਗਾਤਾਰ ਖੋਜ ਮੁਹਿੰਮ ਜਾਰੀ ਹੈ। ਸੁਨੀਲ ਦੱਤ ਨੇ ਦੱਸਿਆ ਕਿ ਤੇਲੰਗਾਨਾ ਅਤੇ ਛੱਤੀਸਗੜ੍ਹ ਦੇ ਸਰਹੱਦੀ ਖੇਤਰ ਕਿਸ਼ਤਾਰਾਮ ਪੀ. ਐੱਸ. ਸਰਹੱਦ ਦੇ ਜੰਗਲੀ ਖੇਤਰ ਵਿੱਚ ਹੋਏ ਮੁਕਾਬਲੇ ਵਿੱਚ 6 ਨਕਸਲੀ ਮਾਰੇ ਗਏ ਹਨ। ਐੱਸ. ਪੀ. ਨੇ ਦੱਸਿਆ ਕਿ ਇਹ ਮੁਹਿੰਮ ਤੇਲੰਗਾਨਾ ਪੁਲੀਸ, ਛੱਤੀਸਗੜ੍ਹ ਪੁਲੀਸ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਮੁਹਿੰਮ ਹੈ। ਘਟਨਾ ਸਵੇਰੇ ਸਾਢੇ 6 ਤੋਂ 7 ਵਜੇ ਦਰਮਿਆਨ ਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਕਸਲੀਆਂ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕਰਨ ਦੀ ਖ਼ੁਫੀਆ ਜਾਣਕਾਰੀ ਮਿਲੀ ਸੀ।