ਬਰਨਾਲਾ, 2 ਦਸੰਬਰ 2021 – ਸਥਾਨਕ ਕੈਸਲ ਪੈਲੇਸ ਵਿਖੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਤੇ ਉੱਘੇ ਟਰਾਂਸਪੋਰਟਰ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ’ਚ ਜ਼ਿਲ੍ਹੇ ਦੇ ਸਮੁੱਚੇ ਟਕਸਾਲੀ ਕਾਂਗਰਸੀਆਂ ਵਲੋਂ ਭਰਵਾਂ ਇਕੱਠ ਕੀਤਾ ਗਿਆ, ਜਿਸ ’ਚ ਕਾਂਗਰਸ ਦੇ ਜ਼ਿਲ੍ਹਾ ਆਬਜਰਵਰ ਸੀਤਾਰਾਮ ਲਾਂਬਾ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਕਾਲਾ ਢਿੱਲੋਂ ਵੱਲੋਂ ਕਾਂਗਰਸ ਦੇ ਜ਼ਿਲ੍ਹਾ ਆਬਜ਼ਰਵਰ ਸੀਤਾਰਾਮ ਲਾਂਬਾ ਨੂੰ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਤੇ ਕਾਂਗਰਸੀ ਵਰਕਰਾਂ ਦੀਆਂ ਮੁਸ਼ਕਿਲਾਂ ਵੀ ਉਨ੍ਹਾਂ ਅੱਗੇ ਰੱਖੀਆਂ। ਜਿੰਨ੍ਹਾਂ ਨੂੰ ਆਬਜ਼ਰਵਰ ਸੀਤਾਰਾਮ ਲਾਂਬਾ ਵਲੋਂ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਵਾਇਆ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਸਲ ’ਚ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ’ਚ ਲੋਕਾਂ ਨੂੰ ਹਰ ਸੁੱਖ ਸਹੂਲਤ ਮੁਹੱਈਆ ਕਰਵਾੳਣ ਲਈ ਵਚਨਬੱਧ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਸਿਰਫ਼ ਤੇ ਸਿਰਫ਼ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਨੇੜੇ ਹੋਕੇ ਸਮਝਦੀ ਹੈ ਤੇ ਹੱਲ ਕਰਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਚਰਨਜੀਤ ਸਿੰਘ ਨੇ ਚੰਨੀ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਪੰਜਾਬ ਦੇ ਲੋਕਾਂ ਨੂੰ ਹਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਨੂੰ ਸਿੱਧੇ ਤੌਰ ’ਤੇ ਲਾਭ ਪਹੁੰਚ ਰਿਹਾ ਹੈ। ਜਿਸ ਕਰਕੇ ਚੰਨੀ ਗਰੀਬਾਂ ਦੇ ਮਸੀਹਾਂ ਤੇ ਪੰਜਾਬ ’ਚੋਂ ਮਾਫ਼ੀਆ ਸਿਸਟਮ ਖ਼ਤਮ ਕਰਕੇ ਆਮ ਲੋਕਾਂ ਦਾ ਰਾਜ ਲਿਆਉਣ ਵਾਲੇ ਮੁੱਖ ਮੰਤਰੀ ਬਣ ਗਏ ਹਨ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ, ਰੇਤੇ, ਟਰਾਂਸਪੋਰਟ, ਕੇਬਲ ਮਾਫ਼ੀਆ ਵਰਗੇ ਮਸਲਿਆਂ ਤੋਂ ਲੈਕੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਭਾਵ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਬੀਤੇ ਦਿਨੀਂ ਬਰਨਾਲਾ ਫ਼ੇਰੀ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜ਼ਿਲ੍ਹੇ ਨੂੰ 75 ਕਰੋੜ ਦੀ ਗ੍ਰਾਂਟ ਦੇਣ ’ਤੇ ਮੁੱਖ ਮੰਤਰੀ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਕਾਲਾ ਢਿੱਲੋਂ ਨੇ ਜ਼ਿਲ੍ਹਾ ਆਬਜ਼ਰਵਰ ਸੀਤਾ ਰਾਮ ਲਾਂਬਾ ਨੂੰ ਭਰੋਸਾ ਦਵਾਇਆ ਕਿ ਉਹ ਜ਼ਿਲ੍ਹੇ ਦੀਆਂ ਤਿੰਨੇ ਸੀਟਾਂ ਜਿੱਤਕੇ ਪਾਰਟੀ ਦੀ ਝੋਲੀ ਪਾਉਂਣਗੇ। ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਪਾਰਟੀ ਜ਼ਿਲ੍ਹੇ ’ਚ ਮਿਹਨਤੀ, ਇਮਾਨਦਾਰ ਤੇ ਹਰ ਇਕ ਦੇ ਦੁੱਖ ਸੁੱਖ ’ਚ ਖੜ੍ਹਨ ਵਾਲੇ ਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈਕੇ ਚੱੱਲਣ ਵਾਲੇ ਯੋਗ ਉਮੀਦਵਾਰ ਨੂੰ ਹੀ ਟਿਕਟ ਦੇਵੇ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਬੀਤੇ ਦਿਨੀਂ ਰੈਸਟ ਹਾਊਸ ’ਚ ਕਾਂਗਰਸ ਦੇ ਸਮਾਗਮ ਮੌਕੇ ਟਕਸਾਲੀ ਕਾਂਗਰਸੀਆਂ ’ਤੇ ਦਰਜ ਕੀਤੇ ਝੂਠੇ ਪਰਚਿਆਂ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਟਕਸਾਲੀ ਕਾਂਗਰਸੀਆਂ ਨੇ ਇਕਸੁਰ ’ਚ ਕਿਹਾ ਕਿ ਕਾਂਗਰਸ ਦੇ ਮੌਜੂਦਾ ਹਲਕਾ ਇੰਚਾਰਜ਼ ਨੇ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ’ਤੇ ਟਕਸਾਲੀ ਕਾਂਗਰਸੀ ਆਗੂਆਂ\ਵਰਕਰਾਂ ਨੂੰ ਨਜ਼ਰਅੰਦਾਜ ਕੀਤਾ ਹੈ, ਜਿਸ ਕਰਕੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਤਿੰਨੇ ਸੀਟਾਂ ’ਤੇ ਹਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਕਿਹਾ ਕਿ ਹਲਕਾ ਇੰਚਾਰਜ਼ ਵਲੋਂ ਜ਼ਿਲ੍ਹਾ ਬਰਨਾਲਾ ’ਚ ਨਗਰ ਕੌਂਸਲ ਦੀ ਪ੍ਰਧਾਨਗੀ, ਮੀਤ ਪ੍ਰਧਾਨਗੀ, ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਟਕਸਾਲੀ ਕਾਂਗਰਸੀਆਂ ਨੂੰ ਦੇਣ ਦੀ ਬਜਾਏ ਹੋਰਨਾਂ ਲੋਕਾਂ ਨੂੰ ਵੇਚੀਆਂ ਗਈਆਂ ਹਨ।
ਇਸ ਲਈ ਉਨ੍ਹਾਂ ਹਲਕਾ ਇੰਚਾਰਜ਼ ਨੂੰ ਬਲਦਣ ਦੀ ਮੰਗ ਕੀਤੀ ਤਾਂ ਜੋ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਮੁੜ੍ਹ ਜਿੱਤਕੇ ਕਾਂਗਰਸ ਦੀ ਝੌਲੀ ਪਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਆੳਣ ਵਾਲੇ ਦਿਨਾਂ ’ਚ ਜੇਕਾਰ ਸਾਡੀ ਸੁਣਵਾਈ ਨਾ ਹੋਈ ਤਾਂ ਇਕ ਵੱਡੇ ਕਾਫ਼ਲੇ ਦੇ ਰੂਪ ’ਚ ਇਕੱਠ ਕਰਕੇ ਇਸ ਸਬੰਧੀ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਮਾਨ, ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਮਹਿੰਦਰਪਾਲ ਸਿੰਘ ਪੱਖੋਂ, ਐਡਵੋਕੇਟ ਜਤਿੰਦਰ ਬਹਾਦਰਪੁਰੀਆ, ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਕੁਮਾਰ, ਡਾ. ਉਜਾਗਰ ਸਿੰਘ ਮਾਨ, ਸਾਬਕਾ ਸਰਪੰਚ ਤੇ ਸਾਬਕਾ ਕੌਂਸਲਰਗੁਰਦਰਸ਼ਨ ਸਿੰਘ ਬਰਾੜ, ਕੌਂਸਲਰ ਕੁਲਦੀਪ ਧਰਮਾ, ਸਾਬਕਾ ਕੌਂਸਲਰ ਹਰਪ੍ਰੀਤ ਲੰਬੂ, ਨਗਰ ਕੌਂਸਲ ਬਰਨਾਲਾ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਬਲਦੇਵ ਭੁੱਚਰ, ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਸੂਰਤ ਬਾਜਵਾ, ਜਗਤਾਰ ਪੱਖੋਂ, ਕੌਂਸਲਰ ਅਜੈ ਕੁਮਾਰ ਧਨੌਲਾ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਬਾਲਾ, ਰਾਜਦੀਪ ਨੀਟਾ ਸਾਬਕਾ ਕੌਂਸਲਰ ਹੰਡਿਆਇਆ, ਸਾਬਕਾ ਕੌਂਸਲਰ ਜਸਵਿੰਦਰ ਸਿੰਘ ਟੀਲੂ, ਸਾਬਕਾ ਕੌਂਸਲਰ ਹਰਦੇਵ ਸਿੰਘ ਬਾਜਵਾ, ਰਾਜਵੰਤ ਸਿੰਘ ਸਾਬਕਾ ਸਰਪੰਚ ਭੱਦਲਵੱਢ, ਮਾਰਕੀਟ ਕਮੇਟੀ ਮਹਿਲਕਲਾਂ ਦੇ ਸਾਬਕਾ ਵਾਇਸ ਚੇਅਰਮੈਨ ਹਰਵਿੰਦਰ ਸਿੰਘ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਹਰਪ੍ਰੀਤ ਗਰਗ, ਅਮਰਜੀਤ ਸਿੰਘ ਕਾਕਾ ਸਣੇ ਵੱਡੀ ਗਿਣਤੀ ’ਚ ਸਾਬਕਾ ਸਰਪੰਚ, ਬਲਾਕ ਕਾਂਗਰਸ ਕਮੇਟੀ ਦੇ ਅਹੁਦੇਦਾਰ ਤੇ ਟਕਸਾਲੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।