ਕਰੋਨਾ ਵਿਸ਼ਾਣੁ ਦੇ ਨਵੇਂ ਸਵਰੂਪ ਓਮੀਕਰਾਨ ਦਾ ਪਤਾ ਲੱਗਣ ਨਾਲ ਤਮਾਮ ਦੇਸ਼ਾਂ ਵਿੱਚ ਡਰ ਅਤੇ ਖਦਸ਼ੇ ਦਾ ਮਾਹੌਲ ਬਣ ਗਿਆ ਹੈ। ਦੱਖਣ ਅਫਰੀਕਾ ਵਿੱਚ ਇਸ ਨਵੇਂ ਵੇਰੀਐਂਟ ਦੇ ਅਨੇਕ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵਿਸ਼ਵ ਦੇ ਕਈ ਦੇਸ਼ਾਂ ਨੇ ਦੱਖਣ ਅਫਰੀਕਾ ਲਈ ਆਪਣੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਓਮੀਕਰਾਨ ਨੂੰ ਡੈਲਟਾ ਵੇਰਇਏਂਟ ਦੀ ਤਰ੍ਹਾਂ ਹੀ ਬਹੁਤ ਸੰਕਰਾਮਕ ਦੱਸ ਕੇ ਵਿਸ਼ਵ ਦੇ ਤਮਾਮ ਦੇਸ਼ਾਂ ਦੀਆਂ ਧੜਕਨਾਂ ਵਧਾ ਦਿੱਤੀਆਂ ਹਨ। ਸਿਰਫ ਦੋ ਹਫਤੇ ਵਿੱਚ ਹੀ ਦੱਖਣ ਅਫਰੀਕਾ ਵਿੱਚ ਨਵੇਂ ਇਨਫੈਕਸ਼ਨ ਦੇ ਮਾਮਲੇ ਚਾਰ ਗੁਣਾ ਵੱਧਗਏ ਹਨ।
ਕੋਰੋਨਾ ਦੇ ਇਸ ਚਿੰਤਾਜਨਕ ਸਵਰੂਪ, ਜਿਸ ਨੂੰ ਬੀ.1.1.529 ਕਿਹਾ ਜਾ ਰਿਹਾ ਹੈ, ਦਾ ਸਭ ਤੋਂ ਪਹਿਲਾਂ ਪ੍ਰਸਾਰ ਦੱਖਣ ਅਫਰੀਕਾ ਵਿੱਚ ਦੇਖਣ ਨੂੰ ਮਿਲਿਆ। ਹਾਲਾਂਕਿ ਇਹ ਨਵਾਂ ਸਵਰੂਪ ਹੈ, ਇਸ ਲਈ ਕਿਹਾ ਨਹੀਂ ਜਾ ਸਕਦਾ ਕਿ ਟੀਕਾ ਲਗਾ ਚੁੱਕੇ ਲੋਕਾਂ ਦੇ ਪ੍ਰਤੀ ਇਸਦਾ ਵਿਵਹਾਰ ਕਿਹੋ ਜਿਹਾ ਰਹੇਗਾ। ਉਂਝ ਇਸ ਪ੍ਰਕਾਰ ਦੇ ਅਧਿਐਨ ਪੇਚਦਾਰ ਹੁੰਦੇ ਹਨ ਅਤੇ ਕਿਸੇ ਨਤੀਜੇ ਤੇ ਪਹੁੰਚਣ ਵਿੱਚ ਹੀ ਮਹੀਨਿਆਂ ਲੱਗ ਜਾਂਦੇ ਹਨ। ਚਿੰਤਾ ਇਸ ਲਈ ਵੀ ਹੈ ਕਿ ਕੁੱਝ ਵਿਗਿਆਨੀਆਂ ਨੇ ਓਮੀਕਰਾਨ ਨੂੰ ਪ੍ਰਤੀਰੱਖਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਾਕਤ ਰੱਖਣ ਵਾਲਾ ਦੱਸਿਆ ਹੈ। ਅਚਾਨਕ ਮਾਮਲੇ ਵਧਣ ਨਾਲ ਕਹਿ ਸਕਦੇ ਹਾਂ ਕਿ ਇਹ ਬੇਹੱਦ ਸੰਕ੍ਰਾਮਿਕ ਸਵਰੂਪ ਹੈ। ਦੱਖਣ ਅਫਰੀਕਾ ਵਿੱਚ ਟੀਕਾ ਲਗਾ ਚੁੱਕੇ ਲੋਕ ਵੀ ਇਸਦੀ ਚਪੇਟ ਵਿੱਚ ਆਏ ਹਨ, ਇਸ ਲਈ ਤਮਾਮ ਦੇਸ਼ਾਂ ਨੂੰ ਬੇਹੱਦ ਚੇਤੰਨ ਰਹਿਣਾ ਪਵੇਗਾ।
ਵਿਸ਼ਵ ਸਿਹਤ ਸੰਗਠਨ ਨੇ ਇਸ ਸਵਰੂਪ ਨੂੰ ਚਿੰਤਾਜਨਕ ਸਵਰੂਪ (ਵੇਰਿਐਂਟ ਆਫ ਕੰਸਰਨ) ਕਰਾਰ ਦਿੱਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਵੀ ਬੀਤੇ ਸ਼ਨੀਵਾਰ ਇਸ ਸੰਬੰਧੀ ਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੋਐਕਟਿਵ ਰਹਿਣ ਦੀ ਲੋੜ ਦੱਸੀ ਸੀ ਅਤੇ ਲੋਕਾਂ ਨੂੂੰ ਅਪੀਲ ਕੀਤੀ ਕਿ ਉਹ ਚੇਤੰਨ ਰਹਿਣ ਅਤੇ ਮਾਸਕ ਪਹਿਨਣ, ਉਚਿਤ ਦੂਰੀ ਰੱਖਣ ਦੇ ਨਾਲ ਹੀ ਕੋਰੋਨਾ ਇਨਫੈਕਸ਼ਨ ਤੋਂ ਬਚਾਵ ਦੇ ਤਮਾਮ ਉਪਾਆਂ ਦੀ ਪਾਲਣਾ ਕਰਨ। ਦੇਸ਼ ਵਿੱਚ ਕੋਵਿਡ-19 ਦੀ ਮੌਜੂਦਾ ਹਾਲਤ ਅਤੇ ਜਾਰੀ ਟੀਕਾਕਰਣ ਅਭਿਆਨ ਦੀ ਵੀ ਇਸ ਮੀਟਿੰਗ ਵਿੱਚ ਸਮੀਖਿਆ ਕੀਤੀ ਗਈ। ਅਧਿਕਾਰੀਆਂ ਨੂੰ ਪੰਦਰਾਂ ਦਸੰਬਰ ਤੋਂ ਵਿਦੇਸ਼ੀ ਉਡਾਨਾਂ ਵਿੱਚ ਛੂਟ ਦੇਣ ਦੇ ਫੈਸਲੇ ਦੀ ਤਾਜ਼ਾ ਹਾਲਤ ਦੇ ਮੱਦੇਨਜਰ ਸਮੀਖਿਆ ਕਰਨ ਦਾ ਨਿਰਦੇਸ਼ ਵੀ ਦਿੱਤਾ ਗਿਆ ਅਤੇ ਨਾਲ ਹੀ, ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਤੇ ਵਿਸ਼ੇਸ਼ ਧਿਆਨ ਦੇਣ ਲਈ ਵੀ ਕਿਹਾ ਗਿਆ। ਇਸ ਦੌਰਾਨ ਗੁਜਰਾਤ ਅਤੇ ਕਰਨਾਟਕ ਨੇ ਜੋਖਮ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਲਈ ਆਰ ਟੀ-ਪੀ ਸੀ ਆਰ ਜਾਂਚ ਜਰੂਰੀ ਕਰ ਦਿੱਤੀ ਹੈ। ਹੋਰ ਰਾਜ ਵੀ ਛੇਤੀ ਹੀ ਅਜਿਹਾ ਫੈਸਲਾ ਕਰ ਸਕਦੇ ਹਨ। ਭਾਰਤ ਵਿੱਚ ਟੀਕਾਕਰਣ ਦੀ ਹਾਲਤ ਸੰਤੋਸ਼ਜਨਕ ਹੋਣ ਦੇ ਬਾਵਜੂਦ ਜਰੂਰੀ ਹੈ ਕਿ ਕੋਰੋਨਾ ਅਨੁਕੂਲ ਵਿਵਹਾਰ ਕਰਦੇ ਰਿਹਾ ਜਾਵੇ। ਲਾਪਰਵਾਹੀ ਭਾਰੀ ਪੈ ਸਕਦੀ ਹੈ।