ਐਸ ਏ ਐਸ ਨਗਰ, 17 ਸਤੰਬਰ – ਖ਼ੁਰਾਕ ਸੁਰੱਖਿਆ ਕਾਨੂੰਨ ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਦੇ ਮੰਤਵ ਨਾਲ ਸੀਨੀਅਰ ਸਿਹਤ ਅਧਿਕਾਰੀਆਂ ਦੀ ਸਾਂਝੀ ਟੀਮ ਨੇ ਮੁਹਾਲੀ, ਖਰੜ ਅਤੇ ਕੁਰਾਲੀ ਵਿਖੇ ਹੈਲਥ ਸਪਲੀਮੈਂਟ ਬਣਾਉਣ ਅਤੇ ਵੇਚਣ ਵਾਲੀਆਂ ਦੁਕਾਨਾਂ ਅਤੇ ਉਤਪਾਦਨ ਇਕਾਈਆਂ ਵਿੱਚ ਅਚਨਚੇਤ ਛਾਪੇਮਾਰੀ ਕੀਤੀ। ਜਾਂਚ ਟੀਮ ਵਿਚ ਦਿੱਲੀ ਤੋਂ ਪੁੱਜੇ ਫੂਡ ਸੇਫ਼ਟੀ ਐਂਡ ਸਟੈਂਡਰਜ਼ ਅਥਾਰਟੀ ਆਫ਼ ਇੰਡੀਆ (ਐਫ਼ ਐਸ ਐਸ ਏ ਆਈ) ਦੇ ਜਾਇੰਟ ਡਾਇਰੈਕਟਰ ਬੀ. ਐਸ. ਅਚਾਰੀਆ (ਜਿਨ੍ਹਾਂ ਕੋਲ ਪੰਜਾਬ ਸਮੇਤ ਕਈ ਰਾਜਾਂ ਦਾ ਚਾਰਜ ਹੈ) ਮੁਹਾਲੀ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਅਤੇ ਫ਼ੂਡ ਸੇਫ਼ਟੀ ਅਫ਼ਸਰ ਰਵੀਨੰਦਨ ਗੋਇਲ ਸ਼ਾਮਲ ਸਨ।
ਡਾ. ਅਚਾਰੀਆ ਨੇ ਦਸਿਆ ਕਿ ਚੈਕਿੰਗ ਦੌਰਾਨ ਇਕ ਉਤਪਾਦਨ ਇਕਾਈ ਵਿਚੋਂ ਕੈਨਡੀਜ਼ੈਡ ਦੀਆਂ 10 ਹਜ਼ਾਰ ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ ਕਿਉਂਕਿ ਇਹ ਗੋਲੀਆਂ ਖ਼ੁਰਾਕ ਸੁਰੱਖਿਆ ਕਾਨੂੰਨ ਦੇ ਨਿਯਮਾਂ ਮੁਤਾਬਕ ਨਹੀਂ ਸਨ। ਇਸੇ ਤਰ੍ਹਾਂ ਡੈਮ ਸੀ-500 ਗੋਲੀ ਵੀ ਨਿਯਮਾਂ ਮੁਤਾਬਕ ਨਹੀਂ ਬਣੀ ਹੋਈ ਸੀ ਜਿਸ ਕਾਰਨ ਕੰਪਨੀ ਨੂੰ ਇਹ ਗੋਲੀ ਬਾਜ਼ਾਰ ਵਿਚੋਂ ਵਾਪਸ ਲੈਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਡੈਮਸੀ-500 ਗੋਲੀ ਦੀ ਭਾਲ ਵਿੱਚ ਹੋਰ ਥਾਵਾਂ ਤੇ ਵੀ ਤਲਾਸ਼ੀ ਲਈ ਗਈ। ਕੁਰਾਲੀ ਵਿਖੇ ਇਕ ਫ਼ੈਕਟਰੀ ਵਿਚ ਜਾਂਚ ਕੀਤੀ ਗਈ ਜਿਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿਉਂਕਿ ਉਥੇ ਮਿਲੇ ਸਪਲੀਮੈਂਟ ਨਿਯਮਾਂ ਮੁਤਾਬਕ ਨਹੀਂ ਸਨ। ਉਨ੍ਹਾਂ ਕਿਹਾ ਕਿ ਫ਼ੂਡ ਅਤੇ ਡਰੱਗ ਐਡਮਿਨਸਟਰੇਸ਼ਨ (ਐਫ਼.ਡੀ. ਏ) ਬੇਮਿਆਰੀ ਅਤੇ ਗ਼ਲਤ ਜਾਂ ਗੁੰਮਰਾਹਕੁਨ ਬ੍ਰਾਂਡ ਵਾਲੇ ਹੈਲਥ ਸਪਲੀਮੈਂਟਾਂ (ਸਿਹਤ ਪੂਰਕਾਂ) ਦੇ ਉਤਪਾਦਨ ਅਤੇ ਵਿਕਰੀ ਵਿਰੁਧ ਬੇਹੱਦ ਚੌਕਸ ਹੈ ਅਤੇ ਨਿਯਮਾਂ ਤੇ ਖਰੇ ਨਾ ਉਤਰਨ ਵਾਲੇ ਹੈਲਥ ਸਪਲੀਮੈਂਟ ਬਣਾਉਣ ਵਾਲੀਆਂ ਕੰਪਨੀਆਂ ਅਤੇ ਵੇਚਣ ਵਾਲੀਆਂ ਦੁਕਾਨਾਂ ਵਿਰੁਧ ਸਖ਼ਤ ਕਾਰਵਾਈ ਕਰਨ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਾਂ ਅਤੇ ਫ਼ੈਕਟਰੀਆਂ ਵਿਚੋਂ ਇਹ ਗੋਲੀਆਂ ਮਿਲੀਆਂ ਹਨ, ਉਨ੍ਹਾਂ ਨੂੰ ਬਾਜ਼ਾਰ ਵਿਚੋਂ ਸਾਰੀ ਖੇਪ ਵਾਪਸ ਮੰਗਾਉਣ ਅਤੇ ਅਜਿਹੀਆਂ ਗੋਲੀਆਂ ਨਾ ਵੇਚਣ ਦੀ ਹਦਾਇਤ ਕਰ ਦਿਤੀ ਗਈ ਹੈ।
ਸ੍ਰੀ ਅਚਾਰੀਆ ਨੇ ਦੱਸਿਆ ਕਿ ਹੈਲਥ ਸਪਲੀਮੈਂਟ ਬਣਾਉਣ ਵਾਲੀਆਂ ਸਾਰੀਆਂ ਕੰਪਨੀਆਂ ਲਈ ਕੇਂਦਰੀ ਲਾਇਸੰਸ ਲੈਣਾ ਜ਼ਰੂਰੀ ਹੈ ਅਤੇ ਜੇਕਰ ਉਨ੍ਹਾਂ ਕੋਲ ਸੂਬਾਈ ਲਾਇੰਸਸ ਹੈ ਤਾਂ ਉਨ੍ਹਾਂ ਨੂੰ ਇਹ ਲਾਇਸੰਸ ਕੇਂਦਰੀ ਲਾਇਸੰਸ ਵਿਚ ਤਬਦੀਲ ਕਰਾਉਣ ਦੀ ਲੋੜ ਹੈ। ਇਸ ਵਾਸਤੇ ਐਫ ਐਸ ਐਸ ਏ ਆਈ ਦੇ ਪੋਰਟਲ ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਪ੍ਰਕ੍ਰਿਆ ਵਿਚ ਕੰਪਨੀ ਦਾ ਲਾਇਸੰਸ ਨੰਬਰ ਪਹਿਲਾਂ ਵਾਲਾ ਹੀ ਰਹੇਗਾ।