November 29, ਸੜਕ ਹਾਦਸੇ ਦੇਸ਼ ਵਿੱਚ ਮੌਤ ਅਤੇ ਅੰਗਹੀਣਤਾ ਦੇ ਪ੍ਰਮੁੱਖ ਕਾਰਣਾਂ ਵਿੱਚੋਂ ਇੱਕ ਹਨ, ਜਿਸਦੀ ਦੇਸ਼ ਨੂੰ ਭਾਰੀ ਸਮਾਜਿਕ -ਆਰਥਿਕ ਲਾਗਤ ਚੁਕਾਉਣੀ ਪੈਂਦੀ ਹੈ। ਅੰਕੜਿਆਂ ਦੇ ਅਨੁਸਾਰ, ਭਾਰਤ ਵਿੱਚ ਹਰ ਸਾਲ ਸੜਕ ਹਾਦਸਿਆਂ ਦੇ ਕਾਰਨ ਹੋਣ ਵਾਲਾ ਨੁਕਸਾਨ ਦੇਸ਼ ਦੇ ਸਕਲ ਘਰੇਲੂ ਉਤਪਾਦ ਦਾ ਲੱਗਭੱਗ ਤਿੰਨ ਫੀਸਦੀ ਹੈ। ਵਿਅਕਤੀਗਤ ਅਤੇ ਰਾਸ਼ਟਰੀ ਪੱਧਰ ਤੇ ਸੜਕ ਸੁਰੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਸਾਰਿਆਂ ਵਲੋਂ ਸਾਂਝੇ ਉਪਰਾਲੇ ਕਰਕੇ ਸੜਕ ਹਾਦਸੇ ਅਤੇ ਮੌਤ ਦਰ ਵਿੱਚ ਕਮੀ ਲਿਆਂਦੀ ਜਾ ਸਕਦੀ ਹੈ ।
ਸੜਕਾਂ ਦੇਸ਼ ਦੇ ਵਿਕਾਸ ਏਜੇਂਡੇ ਅਤੇ ਅਰਥ ਵਿਵਸਥਾ ਨੂੰ ਗਤੀਸ਼ੀਲ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਹਾਲਾਂਕਿ ਸੜਕਾਂ ਵਿਕਾਸ ਵਿੱਚ ਉਦੋਂ ਯੋਗਦਾਨ ਦੇ ਸਕਦੀਆਂ ਹਨ ਜਦੋਂ ਉਹ ਮੁਸਾਫਰਾਂ ਲਈ ਸੁਰੱਖਿਅਤ ਹੋਣ। ਹਰ ਦਿਨ ਲੱਖਾਂ ਲੋਕ ਐਕਸਪ੍ਰੈਸ ਵੇ ਤੋਂ ਲੈ ਕੇ ਪੇਂਡੂ ਸੜਕਾਂ ਦੀ ਵਰਤੋ ਕਰਦੇ ਹਨ। ਬਦਕਿੱਸਮਤੀ ਨਾਲ ਉਨ੍ਹਾਂ ਵਿਚੋਂ ਕੁੱਝ ਸੜਕ ਹਾਦਸੇ ਦੇ ਸ਼ਿਕਾਰ ਹੋ ਕੇ ਗੰਭੀਰ ਰੂਪ ਨਾਲ ਜਖ਼ਮੀ ਜਾਂ ਬੇਵਕਤ ਕਾਲ ਦਾ ਗਰਾਸ ਬਣ ਜਾਂਦੇ ਹਨ। ਦੁਨੀਆਂ ਵਿੱਚ, ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਭਾਰਤ ਪਹਿਲੇ ਸਥਾਨ ਤੇ ਹੈ, ਇਸ ਤੋਂ ਬਾਅਦ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਦਾ ਸਥਾਨ ਹੈ। 2018 ਵਿੱਚ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਕਾਸ਼ਿਤ ਰਿਪੋਰਟ, ਗਲੋਬਲ ਸਟੇਟਸ ਰਿਪੋਰਟ ਆਨ ਰੋਡ ਸੇਫਟੀ, ਦੇ ਮੁਤਾਬਕ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਪ੍ਰਤੀ ਸਾਲ ਲੱਗਭੱਗ ਡੇਢ ਲੱਖ ਲੋਕਾਂ ਦੀ ਮੌਤ ਦਰਜ ਹੁੰਦੀ ਹੈ। ਪ੍ਰਤੀ ਇੱਕ ਲੱਖ ਜਨਸੰਖਿਆ ਤੇ 23 ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ, ਜੋ ਕਿ ਦੁਨੀਆਂ ਵਿੱਚ ਸੜਕ ਹਾਦਸਿਆਂ ਨਾਲ ਸਬੰਧਿਤ ਮੌਤਾਂ ਦਾ ਲਗਭਗ ਗਿਆਰਾਂ ਫੀਸਦੀ ਹੈ।
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਵੱਲੋਂ ਪ੍ਰਕਾਸ਼ਿਤ ਸਾਲਾਨਾ ਰਿਪੋਰਟ ਦੇ ਅਨੁਸਾਰ ਰਾਸ਼ਟਰੀ ਰਾਜ ਮਾਰਗ ਦੇਸ਼ ਦੇ ਸੜਕ ਨੈਟਵਰਕ ਦਾ 2.13 ਫੀਸਦੀ ਹਿੱਸਾ ਸਾਂਝਾ ਕਰਦੇ ਹਨ, ਪਰ 2015 ਤੋਂ 2019 ਤੱਕ ਦੀ ਸਾਲਾਨਾ ਔਸਤ ਸੜਕ ਹਾਦਸੇ ਅਤੇ ਮੌਤਾਂ ਵਿੱਚ 29.6 ਫ਼ੀਸਦੀ ਹਿੱਸਾ ਹੈ। ਇਸ ਪ੍ਰਕਾਰ ਰਾਜ ਮਾਰਗ ਅਤੇ ਪ੍ਰਮੁੱਖ ਜਿਲ੍ਹਾ ਸੜਕਾਂ ਦੇਸ਼ ਦੇ ਸੜਕ – ਤੰਤਰ ਦਾ ਲੜੀਵਾਰ ਤਿੰਨ ਅਤੇ ਤਿਰਾਸੀ ਫੀਸਦੀ ਹਿੱਸਾ ਸਾਂਝਾ ਕਰਦੇ ਹਨ, ਜਦੋਂ ਕਿ ਸਾਲਾਨਾ ਸੜਕ ਹਾਦਸੇ ਵਿੱਚ ਹੋਣ ਵਾਲੀਆਂ ਮੌਤਾਂ ਦਾ 43.4 ਅਤੇ 27 ਫੀਸਦੀ ਹਿੱਸਾ ਸਾਂਝਾ ਕਰਦੇ ਹਨ। ਪੇਂਡੂ ਸੜਕ ਹਾਦਸਿਆਂ ਵਿੱਚ ਮੌਤਾਂ ਸ਼ਹਿਰੀ ਸੜਕਾਂ ਦੀ ਤੁਲਣਾ ਵਿੱਚ ਲੱਗਭੱਗ ਦੁੱਗਣੀਆਂ ਹਨ। 2019 ਵਿੱਚ ਲੱਗਭੱਗ 67 ਫੀਸਦੀ ਸੜਕ ਹਾਦਸੇ ਅਤੇ ਸੱਠ ਫੀਸਦੀ ਮੌਤਾਂ ਪੇਂਡੂ ਇਲਾਕਿਆਂ ਵਿੱਚ ਹੋਈਆਂ। ਮਤਲਬ ਇਹ ਹਾਦਸੇ ਨਾ ਸਿਰਫ ਵੱਡੀ ਗਿਣਤੀ ਵਿੱਚ ਜਨ ਹਾਨੀ ਦੀ ਵਜ੍ਹਾ ਬਣਦੇ ਹਨ, ਬਲਕਿ ਇਨ੍ਹਾਂ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਵੀ ਭਾਰੀ ਨੁਕਸਾਨ ਹੁੰਦਾ ਹੈ।
ਉਪਰੋਕਤ ਅੰਕੜੇ ਇਸ ਲਈ ਚਿੰਤਾਜਨਕ ਹਨ, ਕਿਉਂਕਿ ਇੰਨੇ ਲੋਕ ਆਫਤਾਂ, ਅੱਤਵਾਦੀ ਹਮਲਿਆਂ ਜਾਂ ਫਿਰ ਹੋਰ ਸੰਘਰਸ਼ਾਂ ਵਿੱਚ ਵੀ ਨਹੀਂ ਮਾਰੇ ਜਾਂਦੇ, ਜਿੰਨੇ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਬੈਠਦੇ ਹਨ। ਫਰਕ ਇਹ ਹੈ ਕਿ ਅੱਤਵਾਦੀ ਹਮਲਿਆਂ ਵਰਗੀਆਂ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਹੁੰਦੀ ਹੈ, ਪਰ ਹਾਦਸਿਆਂਂ ਵਿੱਚ ਮਾਰੇ ਜਾਣ ਵਾਲਿਆਂ ਦੇ ਅੰਕੜੇ ਸਾਨੂੰ ਪ੍ਰੇਸ਼ਾਨ ਨਹੀਂ ਕਰਦੇ। ਨੀਤੀ ਕਮਿਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ ਜੇਕਰ ਸੜਕ ਹਾਦਸੇ ਦੇ ਇੱਕ ਘੰਟੇ ਦੇ ਅੰਦਰ ਜਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਵੇ ਜਾਂ ਉਨ੍ਹਾਂ ਨੂੰ ਮੁਢਲੀ ਮੈਡੀਕਲ ਸਹੂਲਤ ਮਿਲ ਜਾਵੇ ਤਾਂ ਕਰੀਬ ਪੰਜਾਹ ਫੀਸਦੀ ਦੀ ਜਾਨ ਬਚਾਈ ਜਾ ਸਕਦੀ ਹੈ। ਪਰ ਜਾਗਰੂਕਤਾ ਦੀ ਕਮੀ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਲਈ ਚੱਲੀ ਜਾਂਦੀ ਹੈ ਕਿ ਘਟਨਾ ਸਥਾਨ ਤੇ ਮੌਜੂਦ ਲੋਕ ਕਾਨੂੰਨੀ ਕਾਰਵਾਈ ਦੇ ਡਰ ਕਾਰਨ ਜਖ਼ਮੀ ਵਿਅਕਤੀ ਨੂੰ ਸਮਾਂ ਰਹਿੰਦੇ ਮੁਢਲੀ ਮੈਡੀਕਲ ਸਹੂਲਤ ਦਿਵਾਉਣ ਵਿੱਚ ਝਿਜਕਦੇ ਰਹਿੰਦੇ ਹਨ।
ਪ੍ਰਮੁੱਖ ਤੌਰ ਤੇ ਸੜਕ ਹਾਦਸਿਆਂ ਦੇ ਪਿੱਛੇ ਤੇਜ ਰਫ਼ਤਾਰ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣਾ, ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨਾ ਮੰਨਿਆ ਜਾਂਦਾ ਹੈ। ਇਨ੍ਹਾਂ ਤੋਂ ਇਲਾਵਾ ਟੁੱਟੀਆਂ- ਫੁੱਟੀਆਂ ਸੜਕਾਂ, ਭਾਰੀ ਆਵਾਜਾਈ ਦੀ ਹਾਲਤ, ਨਿਗਰਾਨੀ ਦੇ ਬੁਨਿਆਦੀ ਢਾਂਚੇ ਦੀ ਕਮੀ, ਗਲਤ ਸੜਕ ਡਿਜਾਇਨ, ਖਾਸ ਤੌਰ ਤੇ ਰਾਤ ਨੂੰ ਅਤੇ ਕੋਹਰੇ ਦੇ ਮੌਸਮ ਵਿੱਚ, ਸੜਕ ਸੁਰੱਖਿਆ ਸਾਧਨ ( ਸਾਇਨ ਬੋਰਡ, ਰੋਡ ਮਾਰਕਿੰਗ, ਕੈਰਸ਼ ਬੈਰੀਅਰ, ਰਿਫਲੈੇਕਟਰ ਆਦਿ) ਦੀ ਕਮੀ ਵੀ ਸੜਕ ਹਾਦਸਿਆਂ ਦਾ ਵੱਡਾ ਕਾਰਨ ਹਨ।
ਸੜਕ ਟ੍ਰਾਂਸਪੋਰਟ ਦੀ ਮੰਗ ਨੂੰ ਪੂਰਾ ਕਰਨ ਲਈ ਵਾਹਨਾਂ ਦੀ ਗਿਣਤੀ ਅਤੇ ਸੜਕ ਨੈਟਵਰਕ ਦੀ ਲੰਬਾਈ ਵਿੱਚ ਬੀਤੇ ਸਾਲਾਂ ਵਿੱਚ ਕਾਫੀ ਵਾਧਾ ਹੋਇਆ ਹੈ। ਦੇਸ਼ ਵਿੱਚ ਸੜਕ ਨੈਟਵਰਕ ਦੇ ਵਿਸਥਾਰ, ਗੱਡੀਆਂ ਦੀ ਗਿਣਤੀ ਵਿੱਚ ਵਾਧਾ ਅਤੇ ਸ਼ਹਿਰੀਕਰਨ ਦਾ ਨਕਾਰਾਤਮਕ ਪੱਖ ਸੜਕ ਹਾਦਸਿਆਂ ਵਿੱਚ ਹੋ ਰਹੇ ਵਾਧੇ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਸੜਕ ਹਾਦਸੇ ਦੇਸ਼ ਵਿੱਚ ਮੌਤ ਅਤੇ ਅੰਗਹੀਣਤਾ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹਨ, ਜਿਸਦੀ ਦੇਸ਼ ਨੂੰ ਭਾਰੀ ਸਮਾਜਿਕ- ਆਰਥਿਕ ਲਾਗਤ ਚੁਕਾਉਣੀ ਪੈਂਦੀ ਹੈ।
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਵੱਲੋਂ ਸੜਕ ਸੁਰੱਖਿਆ ਵਿੱਚ ਸੁਧਾਰ ਅਤੇ ਲੋਕਾਂ ਵਿੱਚ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਯੋਜਨਾਵਾਂ ਬਣਾਈਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਰਾਸ਼ਟਰੀ ਸੜਕ ਸੁਰੱਖਿਆ ਨੀਤੀ ਦੇ ਤਹਿਤ ਕੁੱਝ ਨੀਤੀਗਤ ਉਪਰਾਲਿਆਂ ਨੂੰ ਅਮਲੀ ਜਾਮਾ ਪੁਆਇਆ ਗਿਆ ਹੈ, ਜਿਵੇਂ ਸੜਕ ਸੁਰੱਖਿਆ ਸੂਚਨਾ ਡੇਟਾਬੇਸ ਦੀ ਸਥਾਪਨਾ, ਬੁਨਿਆਦੀ ਢਾਂਚੇ ਨੂੰ ਉੱਨਤ ਬਣਾਉਣਾ, ਸੁਰੱਖਿਆ ਕਾਨੂੰਨਾਂ ਦਾ ਪਰਿਵਰਤਨ ਆਦਿ ਕੀਤਾ ਗਿਆ ਹੈ। ਪਰ ਹੁਣ ਵੀ ਕੁੱਝ ਲੋਕ ਆਪਣੀਆਂ ਗਲਤ ਗਤੀਵਿਧੀਆਂ ਤੋਂ ਬਾਜ ਨਹੀਂ ਆਉਂਦੇ ਅਤੇ ਸੜਕ ਤੇ ਜਾਣੇ – ਅਨਜਾਨੇ ਖੁਦ ਦੀ ਅਤੇ ਦੂਜੇ ਲੋਕਾਂ ਦੀ ਜਾਨ ਜੋਖਮ ਵਿੱਚ ਪਾ ਦਿੰਦੇ ਹਨ।
ਜਨਤਕ ਟ੍ਰਾਂਸਪੋਰਟ ਵਿਵਸਥਾ ਨੂੰ ਮਜਬੂਤ ਕਰਦੇ ਹੋਏ ਅਤੇ ਉਚਿਤ ਟ੍ਰਾਂਸਪੋਰਟ ਨੀਤੀਆਂ ਦੇ ਰਾਹੀਂ ਲੋਕਾਂ ਦੇ ਸਫਰ ਨੂੰ ਆਸਾਨ ਅਤੇ ਸੁਰੱਖਿਅਤ ਬਣਾਇਆ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਸ਼ਰਾਬ ਪੀ ਕੇ ਗੱਡੀ ਚਲਾਂਉਂਦਾ ਹੈ ਤਾਂ ਇਲੈਕਟ੍ਰਾਨਿਕ ਸੈਂਸਰ ਦੇ ਮਾਧਿਅਮ ਨਾਲ ਗੱਡੀ ਦੇ ਇੰਜਨ ਨੂੰ ਬੰਦ ਕੀਤਾ ਜਾ ਸਕਦਾ ਹੈ ਅਤੇ ਸੰਭਾਵੀ ਹਾਦਸੇ ਨੂੰ ਹੋਣ ਤਂੋ ਬਚਾਇਆ ਜਾ ਸਕਦਾ ਹੈ। ਦੁਪਹੀਆ ਵਾਹਨ ਸਵਾਰਾਂ ਵੱਲੋਂ ਹੈਲਮੇਟ ਅਤੇ ਦਿਨ ਦੇ ਸਮੇਂ ਹੈਡਲਾਈਟਸ ਦੀ ਲਾਜ਼ਮੀ ਵਰਤੋ ਦੀ ਅਧਿਸੂਚਨਾ ਅਤੇ ਪਰਿਵਰਤਨ ਦੇ ਮਾਧਿਅਮ ਨਾਲ ਸੜਕ ਹਾਦਸਿਆਂ ਤੇ ਰੋਕ ਲਗਾਈ ਜਾ ਸਕਦੀ ਹੈ। ਚੌਪਹੀਆ ਵਾਹਨ ਚਾਲਕਾਂ ਅਤੇ ਸਹਿਯਾਤਰੀ ਲਈ ਸੀਟ – ਬੈਲਟ ਵਰਤੋਂ ਕਰਨ ਲਈ ਨੀਤੀ ਨਿਰਧਾਰਣ ਅਤੇ ਪਰਿਵਰਤਨ ਨਾਲ ਸੜਕਾਂ ਦੀ ਵਰਤੋ ਕਰਨ ਵਾਲਿਆਂ ਨੂੰ ਕਾਲ ਦਾ ਗਰਾਸ ਬਣਨ ਤੋਂ ਬਚਾਇਆ ਜਾ ਸਕਦਾ ਹੈ । ਹਾਲਾਂਕਿ ਸੜਕ ਸੁਰੱਖਿਆ ਇੱਕ ਸਾਂਝੀ ਜਿੰਮੇਵਾਰੀ ਹੈ, ਬਸ਼ਰਤੇ ਸਰਕਾਰ ਅਤੇ ਸਬੰਧਤ ਵਿਭਾਗ ਦੀ ਇਮਾਨਦਾਰ ਕਾਰਗੁਜਾਰੀ ਦੇ ਨਾਲ – ਨਾਲ ਬਤੌਰ ਸੜਕ ਖਪਤਕਾਰਾਂ ਨੂੰ ਆਪਣੀਆਂ ਆਦਤਾਂ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ।
ਸੜਕਾਂ ਦੀ ਯੋਜਨਾ, ਡਿਜਾਇਨ, ਸੰਚਾਲਨ ਅਤੇ ਢਾਂਚਾਗਤ ਪਰਿਵਰਤਨਾਂ ਦੇ ਨਾਲ-ਨਾਲ ਡਾਕਟਰੀ ਅਤੇ ਪਰਿਵਰਤਨ ਵਿਵਸਥਾ ਨੂੰ ਮਜਬੂਤ ਕਰਨ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਸੜਕ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਸੰਭਾਵੀ ਸੜਕ ਹਾਦਸਿਆਂ ਅਤੇ ਮੌਤ ਦਰ ਨੂੰ ਘੱਟ ਕੀਤਾ ਜਾ ਸਕਦਾ ਹੈ। ਰਾਜ ਪੁਲੀਸ ਬਲ ਅਤੇ ਟ੍ਰਾਂਸਪੋਰਟ ਵਿਭਾਗ ਦੁਆਰਾ ਆਮ ਤੌਰ ਤੇ ਜਨਵਰੀ ਮਹੀਨੇ ਵਿੱਚ ਸੜਕ ਸੁਰੱਖਿਆ ਹਫ਼ਤਾ ਜਾਂ ਸੜਕ ਸੁਰੱਖਿਆ ਮਹੀਨਾ ਆਯੋਜਿਤ ਕੀਤਾ ਜਾਂਦਾ ਹੈ, ਜਿਸਦੇ ਅਨੁਸਾਰ ਸਕੂਲੀ ਅਤੇ ਕਾਲਜ ਵਿਦਿਆਰਥੀਆਂ ਦੇ ਵਿਚਾਲੇ ਵੱਖ ਵੱਖ ਮੁਕਾਬਲਿਆਂ, ਐੇਕਸਟੇਂਸ਼ਨ ਲੈਕਚਰ ਦੇ ਰਾਹੀਂਂ ਜਾਗਰੂਕਤਾ ਫੈਲਾਈ ਜਾਂਦੀ ਹੈ। ਇਸ ਅਭਿਆਨ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਹੋਰ ਯੋਜਨਾਵਾਂ ਦੀ ਤਰ੍ਹਾਂ ਨਾ ਸਿਰਫ ਹਫਤੇ ਭਰ ਜਾਂ ਇੱਕ ਮਹੀਨਾ ਤੱਕ ਸੀਮਿਤ ਕਰਕੇ ਬਲਕਿ ਲੰਬੀ ਮਿਆਦ ਤਕ ਚਲਾਉਣਾ ਪਵੇਗਾ।
ਸੋਸ਼ਲ ਮੀਡੀਆ ਉੱਤੇ ਇਸ਼ਤਿਹਾਰ ਦੇ ਰਾਹੀਂ ਨੌਜਵਾਨਾਂ ਨੂੰ ਸੜਕ ਸੁਰੱਖਿਆ ਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਸਿਨੇਮਾ ਹਾਲ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਫੀਚਰ ਫਿਲਮ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਪੇਂਡੂ ਇਲਾਕੇ ਵਿੱਚ ਲੋਕ ਕਲਾਕਾਰ ਸਮਾਜਿਕ ਸਰੋਕਾਰ ਨਾਲ ਜੁੜੇ ਮੁੱਦਿਆਂ ਦੇ ਨਾਲ-ਨਾਲ ਸੜਕ ਸੁਰੱਖਿਆ ਮਹੱਤਵ ਨੂੰ ਲੋਕ ਮੰਚ ਰਾਹੀਂ ਪੇਂਡੂ ਲੋਕਾਂ ਨੂੰ ਸਮਝਾ ਸਕਦੇ ਹਨ ।
ਔਰਤਾਂ ਨੂੰ ਜਾਗਰੂਕ ਕਰਨ ਲਈ ਟੈਲੀਵਿਜਨ ਲੜੀਵਾਰ ਵਿੱਚ ਇਸ਼ਤਿਹਾਰ, ਸੜਕ ਸੁਰੱਖਿਆ ਸਬੰਧਤ ਖੇਡਾਂ, ਮੁਕਾਬਲੇ , ਗੀਤ – ਸੰਗੀਤ ਮੁਕਾਬਲੇ, ਲਘੂ – ਡਰਾਮਾ ਮੁਕਾਬਲੇ ਆਦਿ ਨਾਲ ਸੜਕ ਸੁਰੱਖਿਆ ਦੇ ਮਹੱਤਵ ਨੂੰ ਸਮਝਾਇਆ ਜਾ ਸਕਦਾ ਹੈ। ਖੇਤਰੀ ਟ੍ਰਾਂਸਪੋਰਟ ਅਥਾਰਿਟੀ ਨੂੰ ਸੜਕ ਸੁਰੱਖਿਆ ਅਤੇ ਹੰਗਾਮੀ ਸੇਵਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇਲਾਕੇ ਦੇ ਹਰ ਪ੍ਰਮੁੱਖ ਸਥਾਨ ਤੇ ਸੜਕ ਸੁਰੱਖਿਆ ਸੁਨੇਹਾ ਯੁਕਤ ਹੋਰਡਿੰਗ ਲਗਾਉਣੀ ਚਾਹੀਦੀ ਹੈ ਅਤੇ ਨਾਲ ਹੀ ਬੱਸ, ਟੈਕਸੀ , ਆਟੋ ਤੇ ਸੜਕ ਸੁਰੱਖਿਆ ਸਟਿਕਰ ਚਿਪਕਾਉਣੇ ਚਾਹੀਦੇ ਹਨ, ਜਿਹਨਾਂ ਨੂੰ ਵੇਖ ਕੇ ਲੋਕਾਂ ਵਿੱਚ ਸੜਕ ਸੁਰੱਖਿਆ ਦੇ ਮਹੱਤਵ ਦੀ ਭਾਵਨਾ ਜਾਗਰਤ ਹੋ ਸਕੇ ।
ਹਰ ਛੋਟੇ – ਵੱਡੇ ਹਾਦਸੇ ਪੁਲੀਸ ਵਿਭਾਗ ਦੇ ਐਫ ਆਈ ਆਰ ਰਜਿਸਟਰ ਵਿੱਚ ਦਰਜ ਹੋਣ, ਇਸਦੇ ਲਈ ਲੋਕਾਂ ਨੂੰ ਐਫ ਆਈ ਆਰ ਦਰਜ ਕਰਵਾਉਣ ਲਈ ਉਚਿਤ ਢੰਗ ਨਾਲ ਪ੍ਰੇਰਿਤ ਕੀਤਾ ਜਾ ਸਕਦਾ ਹੈ ਕਿਉਂਕਿ ਸੜਕ ਹਾਦਸਿਆਂ ਦੇ ਰਿਕਾਰਡ ਦਾ ਵਿਸ਼ਲੇਸ਼ਣ ਕਰਕੇ ਸੁਧਾਰ ਕਰਨ ਵਿੱਚ ਸਹਿਯੋਗ ਮਿਲਦਾ ਹੈ । ਇਸਨੂੰ ਇੱਕ ਗੰਭੀਰ ਮੁੱਦਾ ਮੰਨਦੇ ਹੋਏ ਸਾਰੇ ਵਰਗਾਂ ਨੂੰ ਇਕਠੇ ਹੋ ਕੇ ਸੜਕ ਸੁਰੱਖਿਆ ਦੇ ਨਿਯਮਾਂ ਦੇ ਪ੍ਰਤੀ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ , ਤਾਂ ਕਿ ਦੇਸ਼ ਵਿੱਚ ਹੋ ਰਹੇ ਸੜਕ ਹਾਦਸਿਆਂ ਤੇ ਰੋਕ ਲਗਾ ਸਕੀਏ।