ਨਵੀਂ ਦਿੱਲੀ,26 ਨਵੰਬਰ 2021 : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦਿੱਲੀ ਮੋਰਚਿਆਂ ਦਾ ਇਕ ਵਰ੍ਹਾ ਪੂਰਾ ਹੋਣ ਮੌਕੇ ਟਿਕਰੀ ਬਾਰਡਰ ‘ਤੇ ਪਕੌੜਾ ਚੌਕ ਵਿਚ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਮਗਰੋਂ ਜੇਤੂ ਰੌੰਅ ਨਾਲ ਅੱਜ ਪੰਡਾਲ ਚ ਪੁੱਜੇ ਪੰਜਾਬ , ਹਰਿਆਣੇ ਦੇ ਕਿਸਾਨਾਂ ਤੇ ਔਰਤਾਂ ਨੇ ਦੇਸ਼ ਦੇ ਕਿਸਾਨਾਂ ਤੇ ਸੰਘਰਸ਼ ਦੇ ਹਮਾਇਤੀ ਹਿੱਸਿਆਂ ਦੀ ਇਸ ਵੱਡੀ ਜਿੱਤ ਦਾ ਜਸ਼ਨ ਮਨਾਉਂਦਿਆਂ ਸਭਨਾਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਅੱਜ ਦਾ ਇਕੱਠ ਬਾਕੀ ਮੰਗਾਂ ਦੀ ਪ੍ਰਾਪਤੀ ਖਾਤਰ ਸੰਘਰਸ਼ ‘ਚ ਡਟਣ ਦਾ ਅਹਿਦ ਵੀ ਹੋ ਨਿਬੜਿਆ। ਸਮਾਗਮ ਦੀ ਸ਼ੁਰੂਆਤ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ ਅਤੇ ਸੰਤ ਰਾਮ ਉਦਾਸੀ ਦੇ ਗੀਤ ” ਚੜ੍ਹਨ ਵਾਲਿਓ ਹੱਕਾਂ ਦੀ ਭੇਂਟ ਉੱਤੇ” ਰਾਹੀਂ ਸਾਰੇ ਲੋਕਾਂ ਨੇ ਸਾਂਝੇ ਤੌਰ ਤੇ ਸਿਜਦਾ ਕੀਤਾ ਗਿਆ ।
ਇਕੱਠ ਨੂੰ ਸੰਬੋਧਨ ਹੁੰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ ਕਰਨਾ ਵੱਡੀ ਇਤਿਹਾਸਕ ਜਿੱਤ ਹੈ ਜੋਕਿ ਦੇਸ਼ ਭਰ ਦੇ ਕਿਸਾਨਾਂ ਦੇ ਏਕੇ ਦੇ ਜ਼ੋਰ ਹਾਸਲ ਕੀਤੀ ਗਈ ਹੈ ਪਰ ਸਰਕਾਰ ਅਜੇ ਵੀ ਐਮਐਸਪੀ ਤੇ ਸਰਕਾਰੀ ਖ਼ਰੀਦ ਸਮੇਤ ਬਾਕੀ ਮੰਗਾਂ ‘ਤੇ ਚੁੱਪ ਵੱਟੀ ਬੈਠੀ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਕਿਸਾਨਾਂ ਦੀ ਤਸੱਲੀ ਅਨੁਸਾਰ ਰੱਦ ਹੋਣ ਤੇ ਬਾਕੀ ਮੁੱਦਿਆਂ ਦੇ ਹੱਲ ਮਗਰੋਂ ਹੀ ਸੰਘਰਸ਼ ਬਾਰੇ ਫੈਸਲਾ ਕੀਤਾ ਜਾਵੇਗਾ। ਉਦੋਂ ਤਕ ਕਿਸਾਨ ਦਿੱਲੀ ਦੇ ਮੋਰਚਿਆਂ ‘ਤੇ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਰਾਹੀਂ ਸਾਕਾਰ ਹੋਈ ਦੇਸ਼ ਭਰ ਦੇ ਕਿਸਾਨਾਂ ਦੀ ਏਕਤਾ ਨੂੰ ਹੋਰ ਉਚੇਰੇ ਪੱਧਰਾਂ ‘ਤੇ ਲਿਜਾਣ ਦੀ ਜ਼ਰੂਰਤ ਹੈ ਤਾਂ ਕਿ ਖੇਤੀ ਸੰਕਟ ਦੇ ਕਿਸਾਨ ਪੱਖੀ ਹੱਲ ਲਈ ਮੁਲਕ ਪੱਧਰੀ ਵਿਸ਼ਾਲ ਕਿਸਾਨ ਲਹਿਰ ਉਸਾਰੀ ਜਾ ਸਕੇ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਐਮ ਐਸ ਪੀ ‘ਤੇ ਸਰਕਾਰੀ ਖ਼ਰੀਦ ਅਤੇ ਜਨਤਕ ਵੰਡ ਪ੍ਰਣਾਲੀ ਦੇ ਮੁੱਦੇ ਇਸ ਕਰ ਕੇ ਹੱਲ ਨਹੀਂ ਹੋ ਰਹੇ ਕਿਉਂਕਿ ਭਾਰਤੀ ਹਾਕਮ ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ‘ਤੇ ਫੁੱਲ ਚੜ੍ਹਾ ਰਹੇ ਹਨ। ਲਿਆਂਦੇ ਗਏ ਖੇਤੀ ਕਾਨੂੰਨ ਵੀ ਇਨ੍ਹਾਂ ਨੀਤੀਆਂ ਦਾ ਹੀ ਸਿੱਟਾ ਸਨ। ਇਸ ਲਈ ਵਿਸ਼ਵ ਵਪਾਰ ਸੰਸਥਾ ‘ਚੋਂ ਬਾਹਰ ਆਉਣ ਨਾਲ ਇਨ੍ਹਾਂ ਮੁੱਦਿਆਂ ਦਾ ਹੱਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ 29 ਨਵੰਬਰ ਤੋਂ 3 ਦਸੰਬਰ ਤਕ ਜਨੇਵਾ ਵਿਚ ਹੋਣ ਵਾਲੀ ਮੀਟਿੰਗ ਮੌਕੇ ਜਥੇਬੰਦੀ ਵੱਲੋਂ ਆਵਾਜ਼ ਉਠਾਈ ਜਾਵੇਗੀ ਕਿ ਭਾਰਤੀ ਹਾਕਮ ਵਿਸ਼ਵ ਵਪਾਰ ਸੰਸਥਾ ਵਿਚੋਂ ਬਾਹਰ ਆਉਣ। ਇਸ ਲਈ 29 ਤਰੀਕ ਨੂੰ ਦਿੱਲੀ ਮੋਰਚੇ ‘ਤੇ ਅਤੇ ਪੰਜਾਬ ਭਰ ਅੰਦਰ ਚੱਲ ਰਹੇ ਸਭਨਾਂ ਮੋਰਚਿਆਂ ‘ਤੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ ਜਾਣਗੇ।
ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਇਸ ਸੰਘਰਸ਼ ਨੇ ਦਿਖਾਇਆ ਹੈ ਕਿ ਕਿਸਾਨ ਸੰਘਰਸ਼ ਤੇ ਏਕੇ ਦੇ ਜ਼ੋਰ ‘ਤੇ ਆਪਣੀ ਪੁੱਗਤ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਦੇ ਕਿਸਾਨਾਂ ਦੀ ਏਕਤਾ ‘ਤੇ ਹਮਲਾ ਸਾਬਤ ਹੋ ਸਕਦੀਆਂ ਹਨ ਜੇਕਰ ਕਿਸਾਨਾਂ ਨੇ ਮੌਕਾਪ੍ਰਸਤ ਪਾਰਟੀਆਂ ਪ੍ਰਤੀ ਚੌਕਸੀ ਨਾ ਦਿਖਾਈ। ਇਸ ਲਈ ਉਨ੍ਹਾਂ ਦੀ ਜਥੇਬੰਦੀ ਆਉਂਦੇ ਸਮੇਂ ‘ਚ ਲੋਕਾਂ ਨੂੰ ਚੋਣਾਂ ਦੌਰਾਨ ਆਪਣੀ ਏਕਤਾ ਕਾਇਮ ਰੱਖਣ ਅਤੇ ਆਪਣੇ ਅਹਿਮ ਤੇ ਬੁਨਿਆਦੀ ਮੁੱਦਿਆਂ ਨੂੰ ਉਭਾਰਨ ਦਾ ਸੱਦਾ ਦੇਵੇਗੀ ਤੇ ਲੋਕਾਂ ਨੂੰ ਅਜਿਹੀ ਪਰਖ ਕਸਵੱਟੀ ਦੇਵੇਗੀ ਜਿਸ ਦੇ ਆਧਾਰ ਤੇ ਉਹ ਪਾਰਟੀਆਂ ਅਤੇ ਸਿਆਸਤਦਾਨਾਂ ਦੇ ਲਾਰਿਆਂ ਨਾਅਰਿਆਂ ਨੂੰ ਪਰਖ ਸਕਣ। ਵੋਟਾਂ ਤੋਂ ਭਲੇ ਦੀ ਆਸ ਛੱਡ ਕੇ ਸੰਘਰਸ਼ਾਂ ਦਾ ਰਸਤਾ ਬੁਲੰਦ ਕਰਨ ਦਾ ਨਾਅਰਾ ਉੱਚਾ ਕਰੇਗੀ।
ਜਥੇਬੰਦੀ ਦੇ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਇਸ ਸੰਘਰਸ਼ ਦੇ ਮਿਸਾਲੀ ਬਣਨ ਵਿਚ ਔਰਤਾਂ ਦੀ ਬਹੁਤ ਮੋਹਰੀ ਭੂਮਿਕਾ ਹੈ, ਔਰਤਾਂ ਨੇ ਮਰਦਾਂ ਦੇ ਬਰਾਬਰ ਇਸ ਸੰਘਰਸ਼ ਵਿੱਚ ਰੋਲ ਨਿਭਾਇਆ ਹੈ। ਅਗਲੇ ਵੱਡੇ ਸੰਘਰਸ਼ਾਂ ਲਈ ਇਸ ਭੂਮਿਕਾ ਨੂੰ ਹੋਰ ਉਗਾਸਾ ਦਿੱਤਾ ਜਾਣਾ ਚਾਹੀਦਾ ਹੈ।ਔਰਤਾਂ ਨੂੰ ਆਗੂਆਂ ਤੇ ਕਾਰਕੁੰਨਾਂ ਦੀਆਂ ਜ਼ਿੰਮੇਵਾਰੀਆਂ ਚੁੱਕਣ ਲਈ ਅੱਗੇ ਆਉਣਾ ਚਾਹੀਦਾ ਹੈ।ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੇ ਵੀ ਇਸ ਮੋਰਚੇ ਵਿੱਚ ਹਿੱਸਾ ਪਾਇਆ ਅਤੇ ਮਜ਼ਦੂਰ ਕਿਸਾਨ ਏਕਤਾ ਮਜ਼ਬੂਤ ਹੋਈ ਹੈ । ਪਲਸ ਮੰਚ ਦੇ ਸੂਬਾਈ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਹਮੇਸ਼ਾ ਦੀ ਤਰ੍ਹਾਂ ਸੰਘਰਸ਼ ਅੰਦਰ ਆਪਣੀ ਭੂਮਿਕਾ ਅਦਾ ਕੀਤੀ ਹੈ ਅਤੇ ਲੋਕ ਦੀ ਸੰਘਰਸ਼ਾਂ ਨਾਲ ਇਹ ਜੋਟੀ ਮਜਬੂਤ ਹੋਈ ਹੈ ।