ਰੂਪਨਗਰ, 26 ਨਵੰਬਰ 2021- ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਰੂਪਨਗਰ ਵਿਖੇ ਬੀਤੀ ਰਾਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੀ ਰਿਹਾਇਸ਼ ਵਿਖੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਰਾਜ ਰਾਣੀ ਦੇ ਹੋਏ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ। ਦਿਗਵਿਜੇ ਸਿੰਘ ਨੇ ਸਪੀਕਰ ਰਾਣਾ ਨਾਲ ਮਾਤਾ ਰਾਜ ਰਾਣੀ ਦੇ ਹੋਏ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਉਨ੍ਹਾਂ ਦੀ ਹਿੰਮਤ ਨੂੰ ਪੂਰੀ ਦੁਨੀਆਂ ਨੂੰ ਦੇਖਿਆ ਹੈ ਅਤੇ ਇੱਕ ਸਾਲ ਦਾ ਜੋ ਕਿਸਾਨੀ ਅੰਦੋਲਨ ਚੱਲਿਆ ਹੈ, ਉਹ ਗਾਂਧੀਵਾਦੀ ਚੱਲਿਆ ਹੈ। ਜਿਸ ਕਾਰਨ ਪ੍ਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕਿਸਾਨਾਂ ਅੱਗੇ ਗੋਡੇ ਟੇਕਣੇ ਪਏ ਹਨ। ਉਨ੍ਹਾਂ ਕਿਹਾ ਕਿ 2014 ਤੋ ਮੋਦੀ ਦੀ ਸਰਕਾਰ ਚੱਲ ਰਹੀ ਹੈ ਅਤੇ ਮੋਦੀ ਦੀ ਕਥਨੀ ਅਤੇ ਕਰਨੀ ਵਿਚ ਫਰਕ ਹੈ। ਮੋਦੀ ਦੀਆਂ ਗੱਲਾਂ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਖੇਤੀ ਕਾਨੂੰਨਾਂ ਬਾਰੇ ਦਿਗਵਿਜੇ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਹੁਣ ਐਮਐਸਪੀ ਦੇਣ ਲਈ ਵੀ ਕਾਨੂੰਨ ਬਣਾਉਣਾ ਚਾਹੀਦਾ ਹੈ। ਜਿਸ ਨਾਲ ਕਿਸਾਨਾਂ ਨੂੰ ਲਾਭ ਮਿਲ ਸਕੇ।