ਵਾਸ਼ਿੰਗਟਨ, 25 ਨਵੰਬਰ- ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਅਮਰੀਕਾ ਵਿੱਚ ਹੁਣ ਇਹ ਵਾਇਰਸ ਤੇਜ਼ੀ ਨਾਲ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਵਾਇਰਸ ਦਾ ਇਹ ਰੂਪ ਦੁਨੀਆ ਲਈ ਖ਼ਤਰੇ ਦੀ ਘੰਟੀ ਹੋ ਸਕਦਾ ਹੈ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ (ਏ. ਏ. ਪੀ.) ਦੀ ਰਿਪੋਰਟ ਮੁਤਾਬਕ ਪਿਛਲੇ ਹਫਤੇ 11 ਤੋਂ 18 ਨਵੰਬਰ ਦਰਮਿਆਨ 1,41,905 ਬੱਚਿਆਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।
ਰਿਪੋਰਟ ਮੁਤਾਬਕ ਪਿਛਲੇ ਦੋ ਹਫ਼ਤਿਆਂ ਦੇ ਮੁਕਾਬਲੇ ਬੱਚਿਆਂ ਵਿੱਚ ਸੰਕਰਮਣ ਦੀ ਦਰ ਵਿੱਚ 32 ਫੀਸਦੀ ਵਾਧਾ ਹੋਇਆ ਹੈ। ਅੰਕੜੇ ਦੱਸਦੇ ਹਨ ਕਿ ਅਮਰੀਕਾ ਵਿੱਚ ਪਿਛਲੇ ਹਫ਼ਤੇ ਪਾਏ ਗਏ ਸੰਕਰਮਣ ਦੇ ਇੱਕ ਤਿਹਾਈ ਕੇਸ ਬੱਚਿਆਂ ਨਾਲ ਸਬੰਧਤ ਹਨ। ਅਮਰੀਕਾ ਵਿੱਚ ਬੱਚਿਆਂ ਦੀ ਆਬਾਦੀ 22 ਫੀਸਦੀ ਹੈ। ਮਹਾਮਾਰੀ ਦੀ ਚਪੇਟ ਵਿੱਚ ਤਿੰਨ ਫੀਸਦੀ ਤੋਂ ਵੀ ਘੱਟ ਬੱਚੇ ਆਏ ਹਨ, ਇਸ ਹਿਸਾਬ ਨਾਲ 68 ਲੱਖ ਤੋਂ ਵੱਧ ਬੱਚੇ ਸੰਕਰਮਣ ਤੋਂ ਪ੍ਰਭਾਵਿਤ ਹੋਏ ਹਨ।
ਏ. ਏ. ਪੀ. ਦੀ ਰਿਪੋਰਟ ਮੁਤਾਬਕ ਇਨਫੈਕਸ਼ਨ ਕਾਰਨ ਬੱਚਿਆਂ ਦੀ ਮੌਤ ਦੀ ਦਰ ਬਹੁਤ ਘੱਟ ਹੈ। ਅਮਰੀਕਾ ਦੇ ਛੇ ਰਾਜਾਂ ਵਿੱਚ ਕੋਰੋਨਾ ਨਾਲ ਇੱਕ ਵੀ ਬੱਚੇ ਦੀ ਮੌਤ ਨਹੀਂ ਹੋਈ ਹੈ। ਬੱਚਿਆਂ ਵਿੱਚ ਲਾਗ ਦੇ ਆਮ ਲੱਛਣ ਦਿਸ ਰਹੇ ਹਨ। ਬੱਚੇ ਹਲਕੇ ਬਿਮਾਰ ਹੋ ਰਹੇ ਹਨ। ਇਹ ਇਸ ਲਈ ਹੈ ਕਿਉਂਕਿ ਬੱਚਿਆਂ ਨੂੰ ਸਮੇਂ-ਸਮੇਂ ਤੇ ਇਨਫਲੂਐਂਜ਼ਾ, ਮੈਨਿਨਜਾਈਟਿਸ, ਚਿਕਨਪੌਕਸ ਅਤੇ ਹੈਪੇਟਾਈਟਸ ਦੇ ਟੀਕੇ ਲਗਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦੀ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੁੰਦੀ ਹੈ।
ਸੈਂਟਰਲ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਮੁਤਾਬਕ ਅਕਤੂਬਰ ਵਿੱਚ, 5 ਤੋਂ 11 ਸਾਲ ਦੀ ਉਮਰ ਦੇ 8,300 ਬੱਚਿਆਂ ਨੂੰ ਲਾਗ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚੋਂ 172 ਦੀ ਮੌਤ ਹੋ ਗਈ। ਸੀ. ਡੀ. ਸੀ. ਨੇ ਕਿਹਾ ਕਿ ਮਹਾਮਾਰੀ ਦੀ ਤੇਜ਼ ਰਫ਼ਤਾਰ ਦੇ ਵਿਚਕਾਰ 2,300 ਸਕੂਲ ਬੰਦ ਕਰ ਦਿੱਤੇ ਗਏ ਸਨ, ਜਿਸ ਨਾਲ 1.2 ਮਿਲੀਅਨ ਬੱਚਿਆਂ ਦੀ ਸਿੱਖਿਆ ਪ੍ਰਭਾਵਿਤ ਹੋਈ। ਹੁਣ ਸਕੂਲ ਖੁੱਲ੍ਹਣ ਦੇ ਨਾਲ ਹੀ ਇਨਫੈਕਸ਼ਨ ਬੇਕਾਬੂ ਹੋਣ ਲੱਗਾ ਹੈ, ਜੋ ਆਉਣ ਵਾਲੇ ਸਮੇਂ ਲਈ ਚਿਤਾਵਨੀ ਹੈ।
ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਸ਼ਨਸ ਡਿਜ਼ੀਜ਼ ਦੇ ਡਾਇਰੈਕਟਰ ਡਾਕਟਰ ਐਂਥਨੀ ਫੌਸੀ ਨੇ ਮੰਨਿਆ ਕਿ ਅਜੋਕੇ ਸਮੇਂ ਵਿੱਚ ਹਰ ਉਮਰ ਦੇ ਬੱਚਿਆਂ ਵਿੱਚ ਇਨਫੈਕਸ਼ਨ ਦੀ ਦਰ ਵੱਧ ਰਹੀ ਹੈ, ਜੋ ਚਿੰਤਾਜਨਕ ਸਥਿਤੀ ਹੈ। ਡਾਕਟਰ ਐਂਥਨੀ ਫੌਸੀ ਦਾ ਕਹਿਣਾ ਹੈਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੇ ਵਾਇਰਸ ਘੁੰਮ ਰਹੇ ਹਨ। ਬੱਚਿਆਂ ਦੇ ਸਬੰਧ ਵਿੱਚ ਬਹੁਤ ਧਿਆਨ ਰੱਖਣਾ ਹੋਵੇਗਾ, ਨਹੀਂ ਤਾਂ ਸਥਿਤੀ ਇੱਕ ਵਾਰ ਫਿਰ ਵਿਗੜ ਸਕਦੀ ਹੈ। ਏ. ਏ. ਪੀ. ਦੀ ਰਿਪੋਰਟ ਮੁਤਾਬਕ ਬਾਲਗਾਂ ਦੀ ਤੁਲਨਾ ਵਿੱਚ ਪੀੜਤ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਘੱਟ ਹੈ। ਜੇਕਰ ਅਸੀਂ ਰਾਜਾਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 1.7 ਤੋਂ 4.0 ਪ੍ਰਤੀਸ਼ਤ ਬੱਚੇ ਜੋ ਇਨਫੈਕਸ਼ਨ ਦਾ ਸ਼ਿਕਾਰ ਹਨ, ਨੂੰ ਹਸਪਤਾਲ ਦੇ ਇਲਾਜ ਦੀ ਜ਼ਰੂਰਤ ਹੈ। ਹਾਲਾਂਕਿ, ਸੰਕਰਮਣ ਦੀ ਰਫਤਾਰ ਵਧਣ ਨਾਲ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੱਧ ਸਕਦੀ ਹੈ।