ਐਸ ਏ ਐਸ ਨਗਰ, 27 ਅਕਤੂਬਰ -ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਦੀ ਅਗਵਾਈ ਹੇਠ ਫ਼ੂਡ ਸੇਫ਼ਟੀ ਟੀਮ ਨੇ ਮੁਹਾਲੀ ਦੇ ਫ਼ੇਜ਼ 7, 5, ਮਟੌਰ ਅਤੇ ਸੋਹਾਣਾ ਵਿਚਲੀਆਂ ਮਿਠਾਈ ਦੀਆਂ ਦੁਕਾਨਾਂ ਵਿੱਚ ਚੈਕਿੰਗ ਕੀਤੀ ਅਤੇ 4 ਸੈਂਪਲ ਭਰੇ।
ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਨਾਮੀ ਦੁਕਾਨਾਂ ਵਿੱਚ ਜਾ ਕੇ ਮਿਠਾਈਆਂ ਦਾ ਮਿਆਰ ਜਾਂਚਿਆ ਤੇ ਵੱਖ ਵੱਖ ਦੁਕਾਨਾਂ ਵਿਚੋਂ ਬਰਫ਼ੀ, ਰਸਗੁੱਲੇ ਅਤੇ ਬੇਸਣ ਦੇ ਲੱਡੂਆਂ ਦੇ ਚਾਰ ਸੈਂਪਲ ਲਏ। ਇਸ ਤੋਂ ਇਲਾਵਾ ਮਟੌਰ ਵਿਚਲੀ ਇਕ ਦੁਕਾਨ ਵਿੱਚ 10 ਕਿਲੋ ਬਾਸੀ ਪਿੰਨੀਆਂ ਮੌਕੇ ਤੇ ਨਸ਼ਟ ਕਰਵਾਈਆਂ ਗਈਆਂ।
ਉਹਨਾਂ ਕਿਹਾ ਕਿ ਤਿਉਹਾਰਾਂ ਦੇ ਮੌਸਮ ਵਿੱਚ ਮਿਲਾਵਟੀ, ਬੇਮਿਆਰੀ ਅਤੇ ਮਿਆਦ-ਪੁੱਗੀਆਂ ਮਿਠਾਈਆਂ ਦੀ ਵਿਕਰੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ ਤਹਿਤ ਅਜਿਹੀਆਂ ਚੀਜ਼ਾਂ ਕਿਸੇ ਵੀ ਹਾਲਤ ਵਿੱਚ ਵੇਚੀਆਂ ਨਹੀਂ ਜਾ ਸਕਦੀਆਂ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਲਾਉਣ ਤੋਂ ਇਲਾਵਾ ਉਸ ਦਾ ਵਿਕਰੀ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ। ਕਾਰੋਬਾਰੀਆਂ ਨੂੰ ਮਿਠਾਈਆਂ ਦੀ ਟਰੇਅ ਉਤੇ ਮਿਠਾਈਆਂ ਦੀ ਮਿਆਦ ਪੂਰੀ ਹੋਣ ਦੀ ਤਰੀਕ ਦਰਸਾਉਣ ਦੀ ਵੀ ਹਦਾਇਤ ਕੀਤੀ ਗਈ।
ਟੀਮ ਨੇ ਦੁਕਾਨਦਾਰਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂੰ ਕਰਾਇਆ। ਦੁਕਾਨਦਾਰਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਕਾਨਾਂ ਵਿੱਚ ਬਹੁਤੀ ਭੀੜ ਨਾ ਕਰਨ ਅਤੇ ਗਾਹਕਾਂ ਨੂੰ ਵਾਰੋ-ਵਾਰੀ ਸਮਾਨ ਵੇਚਣ ਦੀ ਹਦਾਇਤ ਵੀ ਕੀਤੀ। ਇਕ ਦੂਜੇ ਤੋਂ ਦੂਰੀ ਰੱਖਣ ਅਤੇ ਮੂੰਹ ਢੱਕ ਕੇ ਰੱਖਣ ਲਈ ਵੀ ਆਖਿਆ ਗਿਆ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਨ੍ਹਾਂ ਦੁਕਾਨਾਂ ਤੇ ਲਗਾਤਾਰ ਨਜ਼ਰ ਰੱਖੇਗਾ ਅਤੇ ਚੈਕਿੰਗ ਲਗਾਤਾਰ ਜਾਰੀ ਰਹੇਗੀ। ਜਾਂਚ ਟੀਮ ਵਿੱਚ ਫ਼ੂਡ ਸੇਫ਼ਟੀ ਅਫ਼ਸਰ ਰਾਜਦੀਪ ਕੌਰ, ਲਵਪ੍ਰੀਤ ਸਿੰਘ ਤੇ ਹੋਰ ਸ਼ਾਮਲ ਸਨ।