ਫਿਰੋਜ਼ਪੁਰ 6 ਅਕਤੂਬਰ 2021- ਫਾਜ਼ਿਲਕਾ ਦੇ ਪਿੰਡ ਰੂਪਨਗਰ ਤੋਂ ਬਾਬਾ ਬੁੱਢਾ ਸਾਹਿਬ ਜਾ ਰਹੀ ਸੰਗਤ ਨਾਲ ਭਰੀ ਟਰੈਕਟਰ ਟਰਾਲੀ ਦੀ ਬੀਤੀ ਰਾਤ ਨੂੰ ਫਿਰੋਜ਼ਪੁਰ-ਫਾਜ਼ਿਲਕਾ ਜੀਟੀ ਰੋਡ ‘ਤੇ ਪਿੰਡ ਖਾਈ ਫੇਮੇ ਕੀ ਦੇ ਕੋਲ ਭਿਆਨਕ ਟੱਕਰ ਟਰਾਲੇ ਨਾਲ ਹੋ ਗਈ , ਜਿਸ ਵਿਚ ਗਿਆਰਾਂ ਸਾਲਾ ਬੱਚੇ ਦੀ ਮੌਕੇ ‘ਤੇ ਮੌਤ ਹੋ ਗਈ। ਜਦਕਿ 36 ਦੇ ਕਰੀਬ ਸ਼ਰਧਾਲੂ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਦੱਸਣਯੋਗ ਹੈ ਕਿ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਰੂਪਨਗਰ ਅਤੇ ਪੰਜਾਵਾਂ ਦੇ ਸ਼ਰਧਾਲੂ ਮੱਥਾ ਟੇਕਣ ਵਾਸਤੇ ਬਾਬਾ ਬੁੱਢਾ ਸਾਹਿਬ ਵਿਖੇ ਜਾ ਰਹੇ ਸਨ। ਜਾਣਕਾਰੀ ਅਨੁਸਾਰ ਬਾਬਾ ਬੁੱਢਾ ਸਾਹਿਬ ਦੇ ਮੇਲੇ ‘ਤੇ ਜਾ ਰਹੇ ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਫਿਰੋਜ਼ਪੁਰ ਪਾਸਿਓਂ ਆ ਰਹੇ ਟਰਾਲੇ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ , ਜਿਸ ਨਾਲ ਟ੍ਰੈਕਟਰ ਟਰਾਲੀ ਖੇਤਾਂ ਵਿਚ ਜਾ ਡਿੱਗੀ।
ਇਸ ਹਾਦਸੇ ਦੌਰਾਨ ਗਿਆਰ੍ਹਾਂ ਸਾਲਾ ਬੱਚੇ ਕਰਨ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ 3 ਦਰਜਨ ਤੋਂ ਵੱਧ ਸ਼ਰਧਾਲੂ ਗੰਭੀਰ ਰੂਪ ‘ਚ ਜ਼ਖਮੀ ਹਨ ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ। ਫਿਰੋਜ਼ਪੁਰ ਵਿਖੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਤਿੰਨ ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਲੁਧਿਆਣਾ ਅਤੇ ਮੋਗਾ ਵਿਖੇ ਹਸਪਤਾਲਾਂ ਚ ਭੇਜਿਆ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਆਮ ਜਨਤਾ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਵੱਖ ਵੱਖ ਐਂਬੂਲੈਂਸ ਰਾਹੀਂ ਫਿਰੋਜ਼ਪੁਰ ਦੇ ਵੱਖ- ਵੱਖ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ। ਮੌਕੇ ‘ਤੇ ਇਕੱਤਰ ਹੋਏ ਲੋਕਾਂ ਨੇ ਦੱਸਿਆ ਹੈ ਕਿ ਚਾਲਕ ਦੀ ਲਾਪ੍ਰਵਾਹੀ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ। ਜਿਸ ਦਾ ਚਾਲਕ ਜ਼ੀਰੇ ਤੋਂ ਲੈ ਕੇ ਰਾਹ ਤਕ ਦੋ ਤਿੰਨ ਵਾਹਨਾਂ ਨੂੰ ਵੀ ਆਪਣਾ ਸ਼ਿਕਾਰ ਬਣਾਉਂਦੇ ਬਣਾਉਂਦੇ ਮਸਾਂ ਬਚਿਆ। ਹਾਦਸਾ ਏਨਾ ਜ਼ਬਰਦਸਤ ਸੀ ਕਿ ਟਰੈਕਟਰ ਅੱਧ ਵਿਚਾਲਿਓਂ ਦੋ ਹਿੱਸਿਆ ‘ਚ ਟੁੱਟ ਗਿਆ। ਹਾਦਸੇ ਵਿਚ ਜ਼ਖ਼ਮੀ ਹੋਏ ਤਨਵੀਰ ਕੌਰ, ਅਭੀਜੋਤ ਕੌਰ, ਬਿੰਦਰ ਕੌਰ, ਪ੍ਰਬਜੋਤ ਕੌਰ, ਗੁਰਵੰਤ ਕੌਰ, ਹਰਜੋਤ ਸਿੰਘ ਅਤੇ ਸਤਬੀਰ ਕੌਰ ਸਮੇਤ ਹੋਰਨਾਂ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਸੀ। ਫ਼ਿਰੋਜ਼ਪੁਰ ਪੁਲਿਸ ਵੀ ਹਾਦਸੇ ਦੇ ਮੁੱਖ ਕਾਰਨਾਂ ਦੀ ਜਾਣਕਾਰੀ ਹਾਸਲ ਕਰਨ ਵਿਚ ਜੁਟੀ ਹੋਈ ਹੈ