ਭਿੰਡ, 1 ਸਤੰਬਰ – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਗੋਦਹ ਥਾਣਾ ਖੇਤਰ ਵਿੱਚ ਸਵੇਰੇ ਵਾਪਰੇ ਇੱਕ ਹਾਦਸੇ ਦੌਰਾਨ ਇੱਕ ਨਿੱਜੀ ਯਾਤਰੀ ਬੱਸ ਅਤੇ ਡੰਪਰ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ ਵਿੱਚ 7 ਯਾਤਰੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਗੋਹਦ ਅਤੇ ਗਵਾਲੀਅਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਸੂਤਰਾਂ ਅਨੁਸਾਰ ਸਵੇਰੇ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਦੇ ਬਰੇਲੀ ਲਈ ਰਵਾਨਾ ਹੋਈ ਬੱਸ ਗਵਾਲੀਅਰ ਭਿੰਡ ਮਾਰਗ ਤੇ ਘੂਮਕਾਪੁਰਾ ਨੇੜੇ ਸਾਹਮਣੇ ਆ ਰਹੇ ਇਕ ਡੰਪਰ ਨਾਲ ਟਕਰਾ ਗਈ। ਹਾਦਸੇ ਵਿੱਚ 6 ਪੁਰਸ਼ ਅਤੇ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 16 ਵਿਅਕਤੀ ਜ਼ਖਮੀ ਹੋ ਗਏ।
ਇਨ੍ਹਾਂ ਵਿੱਚੋਂ 4 ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹਨ। ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਗਵਾਲੀਅਰ ਰੈਫਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 12 ਵਿਅਕਤੀ ਗੋਹਦ ਦੇ ਹਸਪਤਾਲ ਵਿੱਚ ਦਾਖ਼ਲ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲੀਸ ਸੁਪਰਡੈਂਟ ਮਨੋਜ ਕੁਮਾਰ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ। ਮ੍ਰਿਤਕਾਂ ਦੀ ਪਛਾਣ ਰਜਤ ਰਾਠੌਰ (22), ਰਾਣੀ ਆਦਿਵਾਸੀ ਵਾਸੀ ਸਾਗਰ, ਹਰੇਂਦਰ ਤੋਮਰ (28) ਵਾਸੀ ਜੋਤੀ ਨਗਰ ਇਟਾਵਾ ਉੱਤਰ ਪ੍ਰਦੇਸ਼, ਹਰਿਓਮ ਪਟੇਰੀਆ ਵਾਸੀ ਹਰਦੇਈ ਉੱਤਰ ਪ੍ਰਦੇਸ਼ ਦੇ ਰੂਪ ਵਿੱਚ ਹੋਈ ਹੈ। ਹੋਰ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਵਿੱਚ ਕੁਲ 50 ਯਾਤਰੀ ਸਵਾਰ ਸਨ।