ਨਵੀਂ ਦਿੱਲੀ, 22 ਸਤੰਬਰ, 2021: ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥਦੇਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ ਜਿਸ ਵਿਚ ਜਥੇਦਾਰ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਾਵੇਂ ਹਿੰਦੂ ਹੋਵੇ ਜਾਂ ਫਿਰ ਸਿੱਖ ਕੋਈ ਫਰਕ ਨਹੀਂ ਪੈਂਦਾ ਬੱਸ ਉਹ ਹੋਣਾ ਚੰਗਾ ਚਾਹੀਦਾ ਹੈ।
ਫੂਲਕਾ ਨੇ ਇਸ ਮਾਮਲੇ ਵਿਚ ਜਥੇਦਾਰ ਨੁੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਰਾਜਨੀਤੀ ਤੋਂ ਲਾਂਭੇ ਰਹਿਣ।
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ,
ਅੰਮ੍ਰਿਤਸਰ।
ਵਿਸ਼ਾ – ਪੰਜਾਬ ਦੇ ਮੁੱਖ ਮੰਤਰੀ ਦੇ ਬਾਰੇ ਤੁਹਾਡਾ ਬਿਆਨ।
ਤੁਹਾਡਾ ਅਖਬਾਰਾਂ ਵਿੱਚ ਬਿਆਨ ਪੜ੍ਹਿਆ ਜਿਸ ਵਿੱਚ ਤੁਸੀਂ ਕਿਹਾ ਹੈ ਕੀ ਪੰਜਾਬ ਦਾ ਮੁੱਖ ਮੰਤਰੀ ਚਾਹੇ ਹਿੰਦੂ ਹੋਵੇ ਤੇ ਚਾਹੇ ਸਿੱਖ ਫ਼ਰਕ ਨਹੀਂ ਪੈਂਦਾ। ਇਹ ਪੜ੍ਹ ਕੇ ਬੜੀ ਹੈਰਾਨੀ ਹੋਈ । ਅਗਰ ਸਿੱਖਾਂ ਨੇ ਇਸ ਸਿਧਾਂਤ ਤੇ ਪਹਿਰਾ ਦੇਣਾ ਸੀ ਤਾਂ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਪੁੱਛੋ ਕਿ ਫਿਰ ਉਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਜੇਲਾਂ ਵਿਚ ਭਿਜਵਾ ਕੇ ਪੰਜਾਬੀ ਸੂਬਾ ਬਣਵਾਉਣ ਦੀ ਕੀ ਜਰੂਰਤ ਸੀ। ਪਹਿਲਾਂ ਸਾਡਾ ਵੱਡਾ ਪੰਜਾਬ ਦਿੱਲੀ ਦੀਆਂ ਜੜ੍ਹਾਂ ਤੱਕ ਜਾਂਦਾ ਸੀ। ਏਨੀ ਲੰਬੀ ਲੜਾਈ ਲੜ ਕੇ ਤੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾ ਕੇ ਅਕਾਲੀ ਦਲ ਨੇ ਇਹ ਸੂਬਾ ਬਣਵਾਇਆ ਜਿਸ ਵਿਚ ਪੁਰਾਣੇ ਪੰਜਾਬ ਦਾ ਲਗਭਗ ਅੱਧਾ ਹਿੱਸਾ ਹੀ ਰਹਿ ਗਿਆ। ਇਸ ਦਾ ਮਕਸਦ ਇਕੋ ਇਕ ਸੀ ਕਿ ਇਹ ਸਿੱਖ ਬਹੁਮਤ ਵਾਲਾ ਸੂਬਾ ਬਣੇ।
ਪਹਿਲਾਂ ਪੁਰਾਣੇ ਪੰਜਾਬ ਦੇ ਵਿੱਚ ਕਦੇ ਹਿੰਦੂ ਮੁੱਖ ਮੰਤਰੀ ਤੇ ਕਦੇ ਸਿੱਖ ਮੁੱਖ ਮੰਤਰੀ ਬਣਦੇ ਸੀ। ਇਸ ਦੇ ਬਾਵਜੂਦ ਅਕਾਲੀ ਦਲ ਨੇ 1966 ਦੇ ਵਿੱਚ ਅਲਗ ਸੂਬੇ ਦੀ ਮੰਗ ਕਰਕੇ ਇਹ ਪੰਜਾਬੀ ਸੂਬਾ ਬਣਵਾਇਆ। ਹੁਣ ਅੱਜ ਅਕਾਲੀ ਦਲ ਤੁਹਾਡੇ ਇਸ ਬਿਆਨ ਦਾ ਸਮਰਥਨ ਕਰ ਰਿਹਾ ਹੈ।
ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਦੁਨੀਆਂ ਦੇ ਵਿੱਚ ਇਹ ਸਿੱਖਾਂ ਦਾ ਇੱਕੋ ਇੱਕ ਪੰਜਾਬੀ ਸੂਬਾ ਹੋਵੇਗਾ। ਜਿਸ ਵਿਚ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣੇਗਾ। 1966 ਤੋਂ ਬਾਅਦ ਕੋਈ ਵੀ ਪਾਰਟੀ ਪੰਜਾਬ ਦੀ ਸੱਤਾ ਦੇ ਵਿੱਚ ਆਈ ਪਰ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੀ ਰਿਹਾ। ਜਦੋਂ ਪਹਿਲਾਂ ਪੁਰਾਣੇ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਸੀ ਤਾਂ ਅਕਾਲੀ ਦਲ ਨੇ ਪੰਥ ਖ਼ਤਰੇ ਦਾ ਨਾਅਰਾ ਲਗਾ ਕੇ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾਇਆ। ਕੀ ਹੁਣ ਵੀ ਤਾਂ ਅਕਾਲੀ ਦਲ ਦੀ ਐਸੀ ਕੋਈ ਸਾਜ਼ਿਸ਼ ਤਾਂ ਨਹੀਂ ਹੈ ? ਕਿ ਅਗਰ ਕੋਈ ਵੀ ਪਾਰਟੀ ਗੈਰ ਸਿੱਖ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵੇ ਤੇ ਅਕਾਲੀ ਦਲ ਪੰਥ ਖ਼ਤਰੇ ਦੇ ਨਾਅਰੇ ਫੇਰ ਲਗਾਉਣੇ ਸ਼ੁਰੂ ਕਰ ਦੇਵੇ।
ਅਕਾਲੀ ਦਲ ਨੇ ਆਪਣੇ ਆਪ ਨੂੰ ਇਹ ਦਿਖਾਉਣਾ ਚਾਹੁੰਦਾ ਕਿ ਸਿੱਖਾਂ ਦੇ ਹੱਕਾ ਦੀ ਹਿਮਾਇਤ ਲਈ ਸਿਰਫ ਅਕਾਲੀ ਦਲ ਹੀ ਲੜ ਸਕਦਾ ਤੇ ਦੂਜੇ ਕਿਸੇ ਹੋਰ ਪਾਰਟੀ ਦੇ ਰਾਜ ਵਿੱਚ ਸਿੱਖ ਸੁਰੱਖਿਅਤ ਨਹੀਂ ਹਨ। ਇਸ ਨੂੰ ਦਿਖਾਉਣ ਦੇ ਵਾਸਤੇ ਚਾਹੇ ਅਕਾਲੀ ਦਲ ਨੂੰ ਪੰਜਾਬ ਦੀ ਸ਼ਾਂਤੀ ਵੀ ਮੰਗ ਕਿਉਂ ਨਾ ਕਰਵਾਉਣੀ ਪਵੇ ਉਹ ਚੋਣਾਂ ਜਿੱਤਣ ਵਾਸਤੇ ਕੁਝ ਵੀ ਕਰਵਾ ਸਕਦੇ ਹਨ। ਜਿਵੇਂ ਪਿਛਲੀ ਵਾਰੀ ਉਹਨਾਂ ਨੇ ਚੋਣਾਂ ਜਿੱਤਣ ਦੇ ਲਈ ਗੁਰੂ ਸਾਹਿਬ ਦੀ ਬੇਅਦਬੀ ਤੱਕ ਕਰਵਾ ਦਿੱਤੀ ਸੀ।
ਬਤੌਰ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੁਹਾਡਾ ਇਸ ਸਿਆਸੀ ਮੁੱਦੇ ਤੇ ਬਿਆਨ ਦੇਣ ਦਾ ਮਤਲਬ ਹੀ ਨਹੀਂ ਬਣਦਾ ਸੀ। ਇਹ ਕੰਮ ਸਿਆਸੀ ਪਾਰਟੀਆਂ ਦਾ ਹੈਂ। ਤੁਹਾਡੇ ਅਖਬਾਰਾਂ ਦੇ ਬਿਆਨ ਦਾ ਇਹ ਮਤਲਬ ਕੱਢਿਆ ਜਾ ਰਿਹਾ ਹੈਂ ਕਿ ਸਿੱਖਾਂ ਨੇ ਪੰਜਾਬ ਦੇ ਸਿੱਖ ਮੁੱਖ ਮੰਤਰੀ ਦਾ ਹੱਕ ਛੱਡ ਦਿੱਤਾ ਹੈ। ਇਸ ਬਿਆਨ ਦੇ ਉੱਤੇ ਮੰਥਨ ਜਾ ਮੁੜ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। । ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਸਾਰੇ ਸਿੱਖਾਂ ਦੇ ਵਿਚਾਰ ਲੈ ਕੇ ਇਹ ਫੈਸਲਾ ਕਰੋ ਕਿ ਸਿੱਖ ਕੀ ਚਾਹੁੰਦੇ ਹਨ । ਇਹ ਸਾਰੇ ਵਿਚਾਰ ਲੈਣ ਤੋਂ ਬਾਅਦ ਹੀ ਕਿਸੇ ਨਤੀਜੇ ਤੇ ਪਹੁੰਚਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਤੁਹਾਡੇ ਇਸ ਬਿਆਨ ਨੂੰ ਲੈ ਕੇ ਕੋਈ ਰਾਜਨੀਤਕ ਪਾਰਟੀ ਇਹ ਸੋਚ ਕੇ ਕਿ ਅਕਾਲ ਤਖ਼ਤ ਸਾਹਿਬ ਨੂੰ ਤਾਂ ਕੋਈ ਇਤਰਾਜ਼ ਨਹੀਂ, ਕਿਸੇ ਗੈਰ-ਸਿੱਖ ਨੂੰ ਮੁੱਖ ਮੰਤਰੀ ਬਣਾ ਦੇਵੇ ਅਤੇ ਉਸ ਤੋਂ ਬਾਅਦ ਇਹ ਨਾਅਰੇ ਸ਼ੁਰੂ ਹੋ ਜਾਣ ਕਿ ਪੰਥ ਖ਼ਤਰੇ ਵਿਚ ਹੈ ਜਾਂ ਪੰਥ ਨੂੰ ਢਾਹ ਲਾ ਦਿੱਤੀ ਗਈ ਹੈ, ਇਹ ਬਹਾਨਾ ਲੈਕੇ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀਆਂ ਸਾਜਿਸ਼ਾਂ ਸ਼ੁਰੂ ਹੋ ਜਾਣ ।