ਨਵੀਂ ਦਿੱਲੀ, 16ਸਤੰਬਰ 2021: ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਟਿਕਰੀ ਬਾਰਡਰ ਤੇ ਚੱਲ ਰਹੇ ਪੱਕੇ ਮੋਰਚੇ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਕਿਰਤੀ ਲੋਕਾਂ ਦੀਆਂ ਦੁਸ਼ਵਾਰੀਆਂ ਦੀ ਨਾਟਕਾਂ ਰਾਹੀਂ ਗੱਲ ਕਰਨ ਵਾਲੇ ਤੇ ਸਾਰੀ ਜ਼ਿੰਦਗੀ ਨਾਟਕਾਂ ਰਾਹੀਂ ਲੋਕਾਂ ਦੇ ਲੇਖੇ ਲਾਉਣ ਵਾਲੇ ਨਾਟਕਕਾਰਾਂ ਦੇ ਬਾਬਾ ਬੋਹੜ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੇ ਅੱਜ 16 ਸਤੰਬਰ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਜੀਵਨ ਬਾਰੇ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਬਠਿੰਡੇ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਜਦੋਂ ਬਿਜਲੀ ਪੈਦਾ ਕਰਨ ਲਈ ਭਾਖੜਾ ਡੈਮ ਦੀ ਉਸਾਰੀ ਦੇ ਵਿੱਚ ਗੁਰਸ਼ਰਨ ਸਿੰਘ ਦਾ ਬਹੁਤ ਵੱਡਾ ਯੋਗਦਾਨ ਸੀ ।
ਉਨ੍ਹਾਂ ਕਿਹਾ ਕਿ ਪਾਣੀਆਂ ਦੇ ਵਹਿਣ ਨੂੰ ਬੰਨ੍ਹ ਮਾਰ ਕੇ ਉਸ ਤੋਂ ਬਿਜਲੀ ਪੈਦਾ ਕਰਨ ਲਈ ਪ੍ਰਾਜੈਕਟ ਉਸਾਰਨ ਵੇਲੇ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਇਹ ਗੱਲ ਆਈ ਕਿ ਜੇ ਲੋਕ ਸ਼ਕਤੀ ਦਰਿਆਵਾਂ ਦੇ ਪਾਣੀਆਂ ਨੂੰ ਬੰਨ ਮਾਰ ਸਕਦੀ ਹੈ ਜੋ ਔਖਾ ਕਾਰਜ ਹੈ ਤਾਂ ਫਿਰ ਲੋਕ ਦੀਆਂ ਜ਼ਿੰਦਗੀਆਂ ਨੂੰ ਖੁਸ਼ਹਾਲ ਬਣਾਉਣ ਲਈ ਭਾਰਤ ਦੇ ਘਟੀਆ ਰਾਜ ਪ੍ਰਬੰਧ ਨੂੰ ਲੋਕ ਤਾਕਤ ਨਾਲ ਪੁੱਠਾ ਗੇੜਾ ਕਿਉਂ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਗੁਰਸ਼ਰਨ ਸਿੰਘ ਇਕ ਜਾਗਦੀ ਜ਼ਮੀਰ ਵਾਲੇ ਇਨਸਾਨ ਸਨ । ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਉਹ ਲਗਾਤਾਰ ਉਨ੍ਹਾਂ ਨੇ ਭਗਤ ਸਿੰਘ ਦਾ ਦਿੱਤਾ ਸੰਦੇਸ਼ ਆਪਣੇ ਨਾਟਕਾਂ ਰਾਹੀਂ ਲੋਕਾਂ ਤਕ ਪਹੁੰਚਦਾ ਕੀਤਾ ।
ਉਨ੍ਹਾਂ ਕਿਹਾ ਕਿ ਇਸ ਲਈ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਜਾਬਰ ਹਕੂਮਤਾਂ ਵੱਲੋਂ ਸਾਰਾ ਕੁਝ ਲੋਕਾਂ ਕੋਲੋਂ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਕਮਾਉਣ ਲਈ ਦੇ ਰਹੇ ਹਨ ਤੁਸੀਂ ਲੋਕ ਪਿਛਲੇ ਇੱਕ ਸਾਲ ਤੋਂ ਲਗਾਤਾਰ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਲੜ ਰਹੇ ਹੋ ਤਾਂ ਅੱਜ ਗੁਰਸ਼ਰਨ ਭਾਅ ਜੀ ਨੂੰ ਉਨ੍ਹਾਂ ਦੇ ਜਨਮਦਿਨ ਤੇ ਯਾਦ ਕਰਨ ਦੀ ਲੋੜ ਹੈ ਕਿਉਂਕਿ ਲੁੱਟ ਦਾ ਦੌਰ ਲਗਾਤਾਰ ਜਾਰੀ ਹੈ। ਅੱਜ ਦੀ ਸਟੇਜ ਤੋਂ ਗੁਰਸ਼ਰਨ ਭਾਜੀ ਨੂੰ ਇਨਕਲਾਬੀ ਮੁਬਾਰਕਾਂ ਨਾਲ ਸਿਜਦਾ ਕੀਤਾ ।
ਅੱਜ ਦੀ ਸਟੇਜ ਤੋਂ ‘ ਚੰਡੀਗੜ੍ਹ ਸਕੂਲ ਆਫ਼ ਡਰਾਮਾ ‘ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਤਿੰਨ ਨਾਟਕ ਖੇਡੇ ਗਏ । ਪਹਿਲਾ ਨਾਟਕ ਪਹਿਲਾ ਨਾਟਕ ” ਨਵਾਂ ਜਨਮ ” ਦੂਜਾ ” ਇਨਕਲਾਬ ਜ਼ਿੰਦਾਬਾਦ ” ਅਤੇ ਲਾਸਟ ਵਿਚ ਤੀਜਾ ਨਾਟਕ ” ਅਸੀਂ ਜਿੱਤਾਂਗੇ ” ਖੇਡੇ ਗਏ । ਪੰਡਾਲ ਵਿੱਚ ਇਕੱਠੇ ਹੋਏ ਲੋਕਾਂ ਨੇ ਨਾਅਰਿਆਂ ਦੀ ਗੂੰਜ ਨਾਲ ਇਨ੍ਹਾਂ ਨਾਟਕਾਂ ਦਾ ਪੈਗ਼ਾਮ ਕਬੂਲਿਆ । ਅੱਜ ਸਟੇਜ ਸਕੱਤਰ ਦੀ ਭੂਮਿਕਾ ਮੁਕਤਸਰ ਜ਼ਿਲ੍ਹੇ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਨਿਭਾਈ।