ਮਾਨਸਾ, 15 ਜੂਨ 2020: ਜ਼ਿਲ੍ਹਾ ਪੁਲਿਸ ਕੋਵਿਡ-19 ਦੇ ਫੈਲਾਓ ਨੂੰ ਰੋਕਣ ਲਈ ਲਗਾਏ ਗਏ ਕਰਫਿਊ ਨੂੰ ਸਹੀ ਢੰਗ ਨਾਲ ਲਾਗੂ ਕਰਨ ਦੀਆਂ ਸਖਤ ਡਿਊਟੀਆਂ ਵਿੱਚ ਰੁੱਝੀ ਹੋਈ ਹੈ, ਫਿਰ ਵੀ ਇੱਕ ਸੁਚੱਜੀ ਕਮਿਊਨਿਟੀ ਪੁਲਿਸਿੰਗ ਦਾ ਇਜ਼ਹਾਰ ਕਰਦੇ ਹੋਏ ਜ਼ਿਲ੍ਹਾ ਪੁਲਿਸ ਮਾਨਸਾ ਵੱਲੋਂ ਪਬਲਿਕ ਦੇ ਗੁੰਮ ਹੋਏ ਜਾਂ ਚੋਰੀ ਕੀਤੇ ਹੋਏ ਮੋਬਾਇਲ ਫੋਨ ਰਿਕਵਰ ਕਰਕੇ ਸਬੰਧਤਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ ਵੀ ਬਹੁਤ ਮਹੱਤਵਪੂਰਣ ਰੋਲ ਅਦਾ ਕੀਤਾ ਗਿਆ ਹੈ।
ਇਸ ਸਬੰਧੀ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ. ਵੱਲੋਂ ਅੱਜ ਕੀਤੀ ਗਈ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਗਿਆ ਕਿ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਦੀ ਸੁਚੱਜੀ ਅਗਵਾਈ ਵਿੱਚ ਜ਼ਿਲ੍ਹਾ ਪੁਲਿਸ ਮਾਨਸਾ ਨੇ ਵੱਡੀ ਗਿਣਤੀ ਵਿੱਚ 601 ਗਵਾਚੇ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ ਕਰਵਾ ਕੇ ਬਹੁਤ ਸ਼ਲਾਘਾਯੋਗ ਕਾਰਗੁਜ਼ਾਰੀ ਕੀਤੀ ਹੈੇ।
ਬਰਾਮਦ ਕੀਤੇ ਮੋਬਾਇਲ ਫੋਨਾਂ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਪਤਾਨ ਪੁਲਿਸ (ਸਥਾਨਕ) ਮਾਨਸਾ ਦੀ ਅਗਵਾਈ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ ਅਫਸਰਾਂ ਦੀ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸਨੇ ਪ੍ਰੰਪਰਾਗਤ ਅਤੇ ਆਧੁਨਿਕ ਵਿਗਿਆਨਕ ਤਕਨੀਕ ਦੀ ਸੁਮੇਲ ਦਾ ਉਪਯੋਗ ਕਰਦੇ ਹੋਏ ਇੰਨੀ ਵੱਡੀ ਗਿਣਤੀ ਵਿੱਚ ਗਵਾਚੇ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਰਿਕਵਰ ਕੀਤੇ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਜਿਹੜੇ ਕੁੱਲ 601 ਮੋਬਾਇਲ ਫੋਨ ਰਿਕਵਰ ਕੀਤੇ ਗਏ ਹਨ, ਉਨ੍ਹਾਂ ਵਿੱਚੋਂ 26 ਮੋਬਾਇਲ ਫੋਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚੋਂ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿੱਚ ਕਾਫੀ ਮਹਿੰਗੇ ਮੋਬਾਇਲ ਫੋਨ ਸ਼ਾਮਲ ਹਨ, ਜਿਵੇਂ 8 ਆਈਫੋਨ, 136 ਸੈਮਸੰਗ ਕੰਪਨੀ ਦੇ ਮੋਬਾਇਲ ਫੋਨ ਅਤੇ ਇਸਤੋਂ ਇਲਾਵਾ ਹੋਰ ਵੱਖ-ਵੱਖ ਵਧੀਆ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਡਾ. ਭਾਰਗਵ ਨੇ ਦੱਸਿਆ ਕਿ ਇਹ ਟੀਮ ਲਗਾਤਾਰ 24 ਘੰਟੇ ਆਪਣੇ ਕੰਮ ਵਿੱਚ ਮੁਸਤੈਦ ਹੈ ਅਤੇ ਨਿਕਟ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁ੍ਰੰਮ ਹੋਏ ਅਤੇ ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ ਹੋਣ ਦੀ ਉਮੀਦ ਹੈ।
ਇਸ ਮੌਕੇ ਆਈ.ਜੀ.ਪੀ. ਬਠਿੰਡਾ ਰੇਂਜ ਸ੍ਰ. ਜਸਕਰਨ ਸਿੰਘ ਵੱਲੋਂ ਇਹ ਬਰਾਮਦ ਕੀਤੇ ਗਏ ਮੋਬਾਇਲ ਫੋਨ ਸਬੰਧਤ ਮਾਲਕਾਂ ਦੇ ਸਪੁਰਦ ਕੀਤੇ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੇ ਮੱਦੇ ਨਜ਼ਰ ਸੁਰੱਖਿਆਤਮਕ ਸਾਧਨਾਂ ਨੂੰ ਸੁਨਿਸਚਿਤ ਕਰਨ ਲਈ ਮੋਬਾਇਲ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਸੀਮਿਤ ਗਿਣਤੀ ਵਿੱਚ ਹੀ ਬੁਲਾਇਆ ਗਿਆ ਅਤੇ ਸਥਾਨਕ ਪੁਲਿਸ ਲਾਇਨ ਮਾਨਸਾ ਵਿਖੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਮੋਬਾਇਲ ਫੋਨ ਵਾਪਸ ਕੀਤੇ ਗਏ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਦੱਸਿਆ ਕਿ ਬਾਕੀ ਰਹਿੰਦੇ ਮੋਬਾਇਲ ਫੋਨ ਸਬੰਧਤ ਵਿਅਕਤੀਆਂ ਨੂੰ ਜਲਦੀ ਹੀ ਵਿਲੇਜ ਅਤੇ ਵਾਰਡ-ਵਾਈਜ ਪੁਲਿਸ ਅਫਸਰਾਂ ਰਾਹੀਂ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾ ਦਿੱਤੇ ਜਾਣਗੇ।
ਆਈ.ਜੀ.ਪੀ. ਬਠਿੰਡਾ ਰੇਂਜ ਸ੍ਰ. ਜਸਕਰਨ ਸਿੰਘ ਨੇ ਮਾਨਸਾ ਪੁਲਿਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਜਿਹੀ ਮਹਾਂਮਾਰੀ ਨਾਲ ਸਿੱਧੀ ਲੜਾਈ ਲੜਦੇ ਹੋਏ ਜ਼ਿਲ੍ਹਾ ਪੁਲਿਸ ਵੱਲੋਂ ਕਰਫਿਊ ਦੀਆਂ ਪਾਬੰਦੀਆਂ ਲਾਗੂ ਕਰਨ, ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ, ਸਮਾਜਿਕ ਜਿਸਮਾਨੀ ਦੂਰੀ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਲੋਕ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਹਨ ਜੋ ਵਾਕਿਆ ਹੀ ਸ਼ਲਾਘਾਯੋਗ ਢੰਗ ਨਾਲ ਡਿਊਟੀ ਨਿਭਾਏ ਜਾਣ ਦਾ ਪ੍ਰਤੀਕ ਹੈ।
ਇਸੇ ਦੌਰਾਨ ਇੱਕ ਸਾਧਾਰਣ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਆਈ.ਜੀ.ਪੀ. ਬਠਿੰਡਾ ਰੇਂਜ, ਸ੍ਰ. ਜਸਕਰਨ ਸਿੰਘ ਵੱਲੋਂ ਕੋਵਿਡ-19 ਜਿਹੀ ਮਹਾਂਮਾਰੀ ਨਾਲ ਚੱਲ ਰਹੀ ਲੜਾਈ ਦੌਰਾਨ ਸਮਾਜ ਨੂੰ ਵਧੀਆ ਸੇਵਾਵਾਂ ਦੇਣ ਵਾਲੇ 7 ਪੁਲਿਸ ਅਧਿਕਾਰੀਆਂ ਅਤੇ ਇੱਕ ਡਾਕਟਰ ਨੂੰ ਡੀ.ਜੀ.ਪੀ. ਅਵਾਰਡ ਫਾਰ ਐਕਜੈਂਪਲਰੀ ਸੇਵਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿੰਨ੍ਹਾਂ ਦੀਆਂ ਅਣਥੱਕ ਸੇਵਾਵਾਂ ਕਾਰਨ ਹੀ ਜ਼ਿਲ੍ਹਾ ਮਾਨਸਾ ਨੂੰ ਕਰੋਨਾ ਮੁਕਤ ਕਰਕੇ ਗ੍ਰੀਨ ਜੋਨ ਵਿੱਚ ਸ਼ੁਮਾਰ ਕਰਨਾ ਸੰਭਵ ਹੋ ਸਕਿਆ ਹੈ।