ਐਸ ਏ ਐਸ ਨਗਰ, 1 ਸਤੰਬਰ – ਸੰਯੁਕਤ ਕਿਸਾਨ ਮੋਰਚਾ ਵਲੋਂ ਪਿਛਲੇ 9 ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਚਲਾਏ ਜਾ ਰਹੇ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਸੋਹਾਣਾ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਊੜੀ ਦੇ ਸਾਮ੍ਹਣੇ ਪੁਆਧ ਹਲਕਾ ਮੁਹਾਲੀ ਦੇ ਵਸਨੀਕਾਂ ਵਲੋਂ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਦੇ 87ਵੇਂ ਦਿਨ ਅੱਜ ਅੰਤਰਰਾਸ਼ਟਰੀ ਪੁਆਧੀ ਮੰਚ ਦੇ ਕਾਰਕੁੰਨ ਭੁੱਖ ਹੜਤਾਲ ਤੇ ਬੇਠੇ ਜਿਨ੍ਹਾਂ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾਂ, ਡਾ. ਕਰਮਜੀਤ ਸਿੰਘ ਚਿੱਲਾ, ਗੁਰਪ੍ਰੀਤ ਸਿੰਘ ਨਿਆਮੀਆਂ, ਹਰਦੀਪ ਸਿੰਘ ਬਠਲਾਣਾ, ਡਾ. ਗੁਰਮੀਤ ਸਿੰਘ ਬੈਦਵਾਣ, ਸਤਨਾਮ ਸਿੰਘ ਦਾਊਂ ਅਤੇ ਹੋਰ ਕਾਰਕੁਨ ਸ਼ਾਮਲ ਹਨ।
ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਸੰਗਠਿਤ ਤੌਰ ਤੇ ਇਹ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਬਹੁਤ ਵਧੀਆ ਚੱਲ ਰਿਹਾ ਹੈ ਪ੍ਰੰਤੂ ਇਸ ਨੂੰ ਅਜੇ ਹੋਰ ਵੀ ਮਜ਼ਬੂਤ ਕੀਤਾ ਜਾਣਾ ਹੈ।
ਗੁਰਪ੍ਰੀਤ ਸਿੰਘ ਨਿਆਾਂਮੀਆਂ, ਕਰਮਜੀਤ ਸਿੰਘ ਚਿੱਲਾ, ਹਰਦੀਪ ਸਿੰਘ ਬਠਲਾਣਾ, ਸਤਨਾਮ ਸਿੰਘ ਦਾਊਂ ਅਤੇ ਹੋਰਨਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਪੂਰੀ ਚੜ੍ਹਦੀ ਕਲਾ ਵਿੱਚ ਹੈ ਅਤੇ ਜਦੋਂ ਤਕ ਦਿੱਲੀ ਸਰਕਾਰ ਵਲੋਂ ਬਣਾਏ ਗਏ ਕਾਲੇ ਕਾਨੂੰਨ ਵਾਪਸ ਨਹੀਂ ਹੋਣਗੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਜਲਦੀ ਹੀ ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਪੁਆਧ ਦੇ ਇਲਾਕੇ ਵਿੱਚ ਕਿਸਾਨ ਮਹਾਪੰਚਾਇਤ ਆਯੋਜਿਤ ਕੀਤੀ ਜਾਵੇਗੀ। ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਮੁੱਖ ਅਹੁਦੇਦਾਰ ਲੋਕਾਂ ਨੂੰ ਸੰਬੋਧਨ ਕਰਨਗੇ।
ਭੁੱਖ ਹੜਤਾਲ ਤੇ ਬੈਠੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਕਾਰਕੁਨ ਸਤਨਾਮ ਦਾਊਂ ਨੇ ਕਿਹਾ ਕਿ ਉਨ੍ਹਾਂ ਕੋਲ ਭਾਵੇਂ ਜ਼ਮੀਨ ਨਹੀਂ ਹੈ ਪਰੰਤੂ ਉਨ੍ਹਾਂ ਦੀ ਜ਼ਮੀਰ ਅਜੇ ਜ਼ਿੰਦਾ ਹੈ ਜਿਸ ਕਰਕੇ ਉਹ ਕਿਸਾਨਾਂ ਦੇ ਹੱਕ ਵਿਚ ਇਸ ਧਰਨੇ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਇਸ ਮੌਕੇ ਪੇਰੈਂਟਸ ਯੂਨਿਟੀ ਫਾਰ ਜਸਟਿਸ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਕਾਰਕੁਨ ਭੁੱਖ ਹੜਤਾਲ ਨੂੰ ਸਮਰਥਨ ਦੇਣ ਲਈ ਪਹੁੰਚੇ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਜਮਹੂਰੀ ਕਿਸਾਨ ਸਭਾ ਦੇ ਆਗੂ ਵਿਸ਼ੇਸ਼ ਤੌਰ ਤੇ ਸਮਰਥਨ ਦੇਣ ਲਈ ਪਹੁੰਚੇ। ਉੱਘੇ ਆਗੂ ਸੱਜਣ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਧਰਨਾ ਹੁਣ ਇੱਕ ਬਹੁਤ ਹੀ ਪਵਿੱਤਰ ਅਸਥਾਨ ਬਣ ਗਿਆ ਹੈ। ਇਹ ਕਿਸਾਨ ਆਗੂ ਦਿੱਲੀ ਜਾਣ ਤੋਂ ਪਹਿਲਾਂ ਇਸ ਥਾਂ ਤੇ ਨਤਮਸਤਕ ਹੋਣ ਲਈ ਆਏ ਹਨ। ਕਿਉਂਕਿ ਗੁਰਦੁਆਰਾ ਸਿੰਘ ਸ਼ਹੀਦਾਂ ਇਕ ਇਤਿਹਾਸਕ ਅਸਥਾਨ ਹੈ ਜਿੱਥੋਂ ਚੱਲਿਆ ਕੋਈ ਵੀ ਸੰਘਰਸ਼ ਸਫਲਤਾ ਪ੍ਰਾਪਤ ਕਰਦਾ ਹੈ।
ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਦੀਪ ਗਿੱਲ ਪਾਂਘਲੀਆ ਅਤੇ ਮੋਹਣੀ ਤੂਰ ਪਹੁੰਚੇ ਅਤੇ ਉਨ੍ਹਾਂ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਦੀਪ ਗਿੱਲ ਪਾਂਘਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਕੋਈ ਨਵੀਂ ਨੀਤੀ ਦੇਣ ਤਾਂ ਜੋ ਕਿਸਾਨ ਵੀ ਵਪਾਰੀਆਂ ਦੀ ਤਰ੍ਹਾਂ ਆਪਣੀਆਂ ਫਸਲਾਂ ਵੇਚ ਸਕਣ। ਉਨ੍ਹਾਂ ਕਿਹਾ ਕਿ ਸਹਿਕਾਰਤਾ ਸਿਸਟਮ ਨੂੰ ਪੰਜਾਬ ਵਿੱਚ ਵੱਡੇ ਪੱਧਰ ਤੇ ਅਤੇ ਪ੍ਰਾਈਵੇਟ ਤੌਰ ਤੇ ਲਾਗੂ ਕੀਤੇ ਜਾਣ ਦੀ ਸਖ਼ਤ ਲੋੜ ਹੈ ਤਦ ਹੀ ਕਿਸਾਨੀ ਬਚ ਸਕੇਗੀ। ਇਸ ਮੌਕੇ ਪਰਮਿੰਦਰ ਸੋਹਾਣਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਸਹਾਇਕ ਸਕੱਤਰ ਜਸਵਿੰਦਰ ਸਿੰਘ ਸਹੋਤਾ, ਬਲਜਿੰਦਰ ਸਿੰਘ ਭਾਗੋਮਾਜਰਾ, ਕਰਮਜੀਤ ਸਿੰਘ ਨੰਬਰਦਾਰ ਮੌਲੀ, ਚਰਨ ਸਿੰਘ ਕੁੰਭੜਾ, ਹਰਵਿੰਦਰ ਸਿੰਘ ਨੰਬਰਦਾਰ, ਬਲਜੀਤ ਸਿੰਘ, ਕਰਮ ਸਿੰਘ, ਕੇਸਰ ਸਿੰਘ, ਦਰਸ਼ਨ ਸਿੰਘ ਚੰਦਪੁਰ, ਦਵਿੰਦਰ ਸਿੰਘ ਬੌਬੀ, ਚਰਨ ਸਿੰਘ ਕੁੰਭੜਾ, ਅਮਰਜੀਤ ਸਿੰਘ ਸੁਖਗੜ੍ਹ ਗੁਰਬਚਨ ਸਿੰਘ ਨਗਾਰੀ, ਅਮਨ ਪੂਨੀਆ, ਸੋਨੀ ਬੜੀ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।