ਬਰਨਾਲਾ: 25 ਅਗਸਤ, 2021 – ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 329 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਗੰਨਾ ਅੰਦੋਲਨ ਦੀ ਜਿੱਤ ਦਾ ਮੁੱਦਾ ਚਰਚਾ ‘ਚ ਰਿਹਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲ ਲਾਗਤਾਂ ਵਿੱਚ ਵੱਡਾ ਵਾਧਾ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਪਿਛਲੇ ਕਈ ਸਾਲਾਂ ਤੋਂ ਗੰਨੇ ਦੇ ਭਾਅ ਵਿੱਚ ਕੋਈ ਵਾਧਾ ਨਹੀਂ ਸੀ ਕੀਤਾ।
ਦੋ ਸਾਲਾਂ ਤੋਂ ਗੰਨਾ ਫਸਲ ਦਾ 200 ਕਰੋੜ ਰੁਪਏ ਦਾ ਬਕਾਇਆ ਖੜ੍ਹਾ ਸੀ।ਸਰਕਾਰ ਨੂੰ ਕਈ ਵਾਰ ਚਿਤਾਵਨੀ ਦੇਣ ਬਾਅਦ ਆਖਰ ਕਿਸਾਨਾਂ ਨੂੰ ਜਲੰਧਰ ਜਿਲ੍ਹੇ ‘ਚ ਸੜਕਾਂ ‘ਤੇ ਧਰਨਾ ਲਾਉਣਾ ਪਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪਈਆਂ। ਆਗੂਆਂ ਨੇ ਕਿਹਾ ਕਿ ਇਹ ਸਾਡੇ ਸਾਂਝੇ ਜਥੇਬੰਦਕ ਏਕੇ ਦੀ ਜਿੱਤ ਹੈ। ਇਸ ਏਕੇ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਕੇ ਅਸੀਂ ਤਿੰਨੋਂ ਖੇਤੀ ਕਾਨੂੰਨ ਵੀ ਜਲਦੀ ਰੱਦ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਵੀ ਜਲਦੀ ਬਣਵਾ ਲਵਾਂਗੇ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਨਰੈਣ ਦੱਤ, ਬਲਜੀਤ ਚੌਹਾਨਕੇ, ਭੋਲਾ ਸਿੰਘ ਛੰਨਾ,ਉਜਾਗਰ ਸਿੰਘ ਬੀਹਲਾ, ਗੁਰਨਾਮ ਸਿੰਘ ਠੀਕਰੀਵਾਲਾ, ਬਾਬੂ ਸਿੰਘ ਖੁੱਡੀ ਕਲਾਂ, ਰਣਧੀਰ ਸਿੰਘ ਰਾਜਗੜ੍ਹ, ਬਲਵੀਰ ਕੌਰ ਕਰਮਗੜ੍ਹ, ਜਸਵੰਤ ਕੌਰ ਬਰਨਾਲਾ, ਮੇਲਾ ਸਿੰਘ ਕੱਟੂ, ਜਸਮੇਲ ਸਿੰਘ ਕਾਲੇਕੇ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਆਰਐਸਐਸ ਨਾਲ ਸਬੰਧਿਤ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਸੰਘ ਵੀ ਕਿਸਾਨ ਮੰਗਾਂ ਦੇ ਹੱਕ ਵਿੱਚ ਬੋਲਣ ਲਈ ਮਜ਼ਬੂਰ ਹੋਈ ਹੈ। ਸਰਕਾਰ ਦੇ ਪ੍ਰਭਾਵ ਹੇਠਲੇ ਇਸ ਸੰਗਠਨ ਨੇ, ਕਿਸਾਨਾਂ ਦੇ ਦਬਾਅ ਕਾਰਨ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਾਉਣ ਦੀ ਅਤੇ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਦੇ ਖਦਸ਼ੇ ਦੂਰ ਕਰਨ ਦੀ ਮੰਗ ਕੀਤੀ ਹੈ। ਆਪਣੀਆਂ ਮੰਗਾਂ ਲਈ ਇਸ ਸੰਗਠਨ ਨੇ 8 ਸਤੰਬਰ ਨੂੰ ਧਰਨਾ ਲਾਉਣ ਦਾ ਪ੍ਰੋਗਰਾਮ ਵੀ ਉਲੀਕਿਆ ਹੈ।
ਅੱਜ ਆਗੂਆਂ ਨੇ ਦੱਸਿਆ ਕਿ ਭਲਕੇ 26 ਤਰੀਕ ਨੂੰ ਦਿੱਲੀ ਮੋਰਚੇ ਦੇ ਨੌ ਮਹੀਨੇ ਪੂਰੇ ਹੋ ਰਹੇ ਹਨ। ਇਸ ਮੌਕੇ 26- 27 ਅਗਸਤ ਨੂੰ ਸਿੰਘੂ ਬਾਰਡਰ ‘ਤੇ ਕਿਸਾਨ ਕਨਵੈਨਸ਼ਨ ਕਰਵਾਈ ਜਾ ਰਹੀ ਹੈ ਜਿਸ ਵਿੱਚ ਕਿਸਾਨ ਅੰਦੋਲਨ ਨੂੰ ਹੋਰ ਵਿਸ਼ਾਲ ਨੂੰ ਹੋਰ ਵਿਸ਼ਾਲ ਕਰਨ ਬਾਰੇ ਵਿਚਾਰਾਂ ਹੋਣਗੀਆਂ। ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਤੇ ਸਮਾਜ ਦੇ ਹੋਰ ਗਰੀਬ ਤਬਕਿਆਂ ਨੂੰ ਕਿਸਾਨ ਅੰਦੋਲਨ ਨਾਲ ਜੋੜਨ ਬਾਰੇ ਤਰਕੀਬਾਂ ਬਣਾਈਆਂ ਜਾਣਗੀਆਂ।
ਪਿਛਲੇ ਦਿਨੀਂ ਸ਼ਹੀਦ ਹੋਏ ਕਿਸਾਨ ਨੇਤਾ ਨਿਰਮਲ ਸਿੰਘ ਸੋਹੀ ਦਾ ਸ਼ਰਧਾਂਜਲੀ ਸਮਾਗਮ ਭਲਕੇ ਹਮੀਦੀ (ਬਰਨਾਲਾ) ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਅੰਦੋਲਨਕਾਰੀਆਂ ਨੂੰ ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ।