ਸੰਗਰੂਰ, 14 ਜੂਨ, 2020 : ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਦਲ ਤੋਂ ਵੱਖ ਹੋਏ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਉਹਨਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਨੂੰ ਵਿਰੋਧੀਆਂ ਵੱਲੋਂ ਫੈਲੀ ਅਫਵਾਹ ਕਰਾਰ ਦਿੱਤਾ ਹੈ।
ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਉਹਨਾਂ ਵੱਲੋਂ ਚਲਾਈ ਮੁਹਿੰਮ ਨਾਲ ਉਹਨਾਂ ਦੇ ਆਧਾਰ ਵਿਚ ਲਗਾਤਾਰ ਹੋ ਰਹੇ ਵਾਧੇ ਤੋਂ ਘਬਰਾ ਕੇ ਵਿਰੋਧੀਆਂ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਦੀ ਅਫਵਾਹ ਫੈਲਾ ਕੇ ਵਿਰੋਧੀ ਸਾਡੇ ਹਮਾਇਤੀਆਂ ਵਿਚ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਉਨ੍ਹਾਂ ਦੇ ਵਧਦੇ ਆਧਾਰ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ ਵਿਰੋਧੀਆਂ ਨੇ ਪਹਿਲਾਂ ਸਾਡੇ ਆਮ ਆਦਮੀ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਫੈਲਾਈਆਂ ਸਨ ਜੋ ਝੂਠੀਆਂ ਸਾਬਤ ਹੋਈਆਂ ਤੇ ਐਤਕੀਂ ਵੀ ਭਾਜਪਾ ਵਿਚ ਸ਼ਾਮਲ ਦੀਆਂ ਫੈਲਾਈਆਂ ਅਫਵਾਹਾਂ ਵੀ ਉਸੇ ਕੜੀ ਦਾ ਹਿੱਸਾ ਹੈ .
ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਬਾਬੂਸ਼ਾਹੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਸਾਡਾ ਪਹਿਲਾ ਮਕਸਦ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਤੇ ਇਸ ਵਾਸਤੇ ਅਸੀਂ ਲਗਾਤਾਰ ਮੁਹਿੰਮ ਚਲਾ ਰਹੇ ਹਾਂ ਜਿਸਦੇ ਹਿੱਸੇ ਵਜੋਂ ਅਗਲੇ ਹਫਤੇ ਕਈ ਵੱਡੇ ਪ੍ਰੋਗਰਾਮ ਰੱਖੇ ਹੋਏ ਹਨ। ਉਹਨਾਂ ਦੱਸਿਆ ਕਿ ਪਟਿਆਲਾ, ਮੋਗਾ, ਅੰਮ੍ਰਿਤਸਰ ਤੋ ਫਿਰੋਜ਼ਪੁਰ ਤੋਂ ਕਈ ਆਗੂ ਅਗਲੇ ਹਫਤੇ ਸਾਡੇ ਵਿਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਟੀਚਾ ਪੂਰਾ ਹੋਣ ਮਗਰੋਂ ਹੀ ਕਿਸੇ ਨਾਲ ਗਠਜੋੜ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸ ਦੌਰਾਨ ਅਜਿਹੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਮੋਗਾ ਤੋਂ ਆਗੂ ਨਿਧੜਕ ਸਿੰਘ ਬਰਾੜ, ਪਟਿਆਲਾ ਤੋਂ ਰਣਧੀਰ ਸਿੰਘ ਰੱਖੜਾ, ਫਿਰੋਜ਼ਪੁਰ ਤੋਂ ਰਾਜਿੰਦਰਾ ਰਾਜਾ ਤੇ ਅੰਮ੍ਰਿਤਸਰ ਦੇ ਵੀ ਕਈ ਆਗੂ ਢੀਂਡਸਿਆਂ ਦੇ ਸੰਪਰਕ ਵਿਚ ਹਨ ਤੇ ਉਹਨਾਂ ਨਾਲ ਆ ਸਕਦੇ ਹਨ।