ਐਸ.ਏ.ਐਸ. ਨਗਰ, 18 ਅਗਸਤ 2021 – ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਮੋਹਾਲੀ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਹਰੇਕ ਪਿੰਡ ਨੂੰ ਲੋੜ ਮੁਤਾਬਕ ਫੰਡ ਮਿਲ ਰਹੇ ਹਨ।
ਇੱਥੇ ਪਿੰਡ ਕੰਡਾਲਾ ਵਿੱਚ ਪਾਣੀ ਦੀ ਸਪਲਾਈ ਸਕੀਮ ਵਾਸਤੇ 52 ਲੱਖ ਰੁਪਏ ਦੀ ਗਰਾਂਟ ਮੁਹੱਈਆ ਕਰਨ ਵੇਲੇ ਸ. ਸਿੱਧੂ ਨੇ ਆਖਿਆ ਕਿ ਹਲਕੇ ਦਾ ਕੋਈ ਵੀ ਪਿੰਡ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਨਹੀਂ ਹੈ ਅਤੇ ਜੇ ਕਿਤੇ ਕੋਈ ਕੰਮ ਹੋਣ ਵਾਲਾ ਰਹਿੰਦਾ ਹੈ ਤਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ, ਉਹ ਕੰਮ ਤੁਰੰਤ ਕਰਵਾ ਦਿੱਤਾ ਜਾਵੇਗਾ। ਇੱਥੇ ਪਿੰਡ ਵਿੱਚ 17 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈੱਲ ਦੇ ਬੋਰ ਦੀ ਟੱਕ ਲਾ ਕੇ ਸ਼ੁਰੂਆਤ ਕੀਤੀ, ਜਦੋਂ ਕਿ 35 ਲੱਖ ਰੁਪਏ ਨਾਲ ਪਿੰਡ ਵਿੱਚ ਪਾਣੀ ਦੀ ਸਪਲਾਈ ਲਈ ਨਵੀਂ ਪਾਈਪਲਾਈਨ ਵਿਛਾਈ ਜਾਵੇਗੀ। ਇਹ ਦੋਵੇਂ ਕੰਮ ਇਕ ਮਹੀਨੇ ਵਿੱਚ ਮੁਕੰਮਲ ਹੋ ਜਾਣਗੇ, ਜਿਸ ਮਗਰੋਂ ਪਿੰਡ ਵਿੱਚ ਪਾਣੀ ਦੀ ਸਪਲਾਈ ਸੁਚਾਰੂ ਹੋ ਜਾਵੇਗੀ।
ਇਸ ਮੌਕੇ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮਾਈਕਲ, ਐਸ.ਡੀ.ਓ. ਸਿਮਰਜੀਤ ਕੌਰ, ਸਰਪੰਚ ਬਿਮਲਾ ਦੇਵੀ, ਸਾਬਕਾ ਸਰਪੰਚ ਮਲਕੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸੰਧੂ, ਪਰਮਜੀਤ ਸਿੰਘ, ਭਾਗ ਸਿੰਘ, ਦਰਸ਼ਨ ਸਿੰਘ, ਦੀਦਾਰ ਸਿੰਘ ਦੋਵੇਂ ਪੰਚ, ਰੁਲਦਾ ਸਿੰਘ, ਮੱਖਣ ਸਿੰਘ, ਦਲੀਪ ਸਿੰਘ, ਸੁੱਚਾ ਸਿੰਘ, ਬਹਾਦਰ ਸਿੰਘ ਅਤੇ ਲਵਪ੍ਰੀਤ ਸਿੰਘ ਹਾਜ਼ਰ ਸਨ।