ਜੰਮੂ – ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਡੱਚਨ ਦੇ ਹੋਂਜਰ ਪਿੰਡ ਵਿੱਚ ਸਵੇਰੇ ਬੱਦਲ ਫਟਣ ਤੋਂ ਬਾਅਦ ਆਏ ਹੜ੍ਹ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਲਾਪਤਾ ਹਨ। ਪ੍ਰਸ਼ਾਸਨਿਕ ਅਧਿਕਾਰੀ ਮੁਤਾਬਕ 4 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਉਨ੍ਹਾਂ ਕਿਹਾ ਕਿ ਲਾਪਤਾ ਲੋਕਾਂ ਦਾ ਪਤਾ ਲਾਉਣ ਲਈ ਖੋਜ ਮੁਹਿੰਮ ਜਾਰੀ ਪਰ ਤੇਜ਼ ਮੀਂਹ ਰੁਕਾਵਟ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਕਈ ਲੋਕ ਲਾਪਤਾ ਹਨ ਪਰ ਲਾਪਤਾ ਲੋਕਾਂ ਦੀ ਅਸਲ ਗਿਣਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ, ਫ਼ੌਜ ਅਤੇ ਸੂਬਾ ਆਫ਼ਤ ਰਾਹਤ ਦਲ (ਐੱਸ. ਡੀ. ਆਰ. ਐੱਫ.) ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕੰਮ ਜਾਰੀ ਹੈ।ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਵਿੱਚ ਲਾਪਤਾ ਹੋਏ ਵਿਅਕਤੀਆਂ ਅਤੇ ਕਿਸੇ ਦੇ ਜ਼ਖ਼ਮੀ ਹੋਣ ਦਾ ਵੇਰਵਾ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਬੱਦਲ ਫਟਣ ਦੀ ਸੂਚਨਾ ਮਿਲੀ ਹੈ ਉਸ ਪਿੰਡ ਵਿੱਚ 8 ਤੋਂ 10 ਘਰ ਹਨ। ਮੌਸਮ ਮਹਿਕਮੇ ਨੇ ਮੌਸਮ ਸਬੰਧੀ ਅਲਰਟ ਵੀ ਜਾਰੀ ਕੀਤਾ ਹੈ। 30 ਜੁਲਾਈ ਤੱਕ ਰੁੱਕ-ਰੁੱਕ ਕੇ ਮੀਂਹ ਪੈਣ ਦਾ ਖ਼ਦਸ਼ਾ ਹੈ ਅਤੇ ਕੁਝ ਥਾਵਾਂ ਤੇ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਕਿਸ਼ਤਵਾੜ ਜ਼ਿਲ੍ਹੇ ਵਿੱਚ ਲਗਾਤਾਰ ਅਤੇ ਮੋਹਲੇਧਾਰ ਮੀਂਹ ਨੂੰ ਵੇਖਦੇ ਹੋਏ ਜ਼ਿਆਦਾਤਰ ਨਦੀਆਂ ਅਤੇ ਨਾਲਿਆਂ ਦਾ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।