ਸਿੱਖਿਆ ਸਕੱਤਰ ਵੱਲੋਂ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿਮੇਂਵਾਰੀ ਨਿਭਾਉਣ ਦਾ ਸੱਦਾ
ਚੰਡੀਗੜ੍ਹ – ਪੰਜਾਬ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪ੍ਰਾਪਤ ਕੀਤਾ ਪਹਿਲਾ ਸਥਾਨ ਬਰਕਰਾਰ ਰੱਖਣ ਲਈ ਸਕੂਲ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਹੋਰ ਵਧੇਰੇ ਲਗਨ, ਮਿਹਨਤ ਅਤੇ ਦਿ੍ਰੜਤਾ ਨਾਲ ਆਪਣੀ ਜ਼ਿਮੇਂਵਾਰੀ ਨਿਭਾਉਣ ਦਾ ਸੱਦਾ ਦਿੱਤਾ ਹੈ।ਅੱਜ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੇ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਸਕੂਲ ਸਿੱਖਿਆ ਸਕੱਤਰ ਨੇ ਆਧਿਆਪਕਾਂ ਵੱਲੋਂ ਕੋਵਿਡ ਦੇ ਸਮੇਂ ਦੌਰਾਨ ਨਿਭਾਈ ਗਈ ਭੂਮਿਕਾ ਦੀ ਵੀ ਸਰਾਹਨਾ ਕੀਤੀ। ਸ੍ਰੀ ਕਿ੍ਰਸ਼ਨ ਕੁਮਾਰ ਨੇ ਆਨਲਾਇਨ ਵੈਬੀਨਾਰ ਰਾਹੀਂ ਇਸ ਬਲਾਕ ਪੱਧਰੀ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਵਿੱਚ 228 ਬਲਾਕਾਂ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਐਲੀਮੈਂਟਰੀ ਸਿੱਖਿਆ), ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਜ਼ਿਲ੍ਹਾ ਕੋਆਰਡੀਨੇਟਰ, ਬਲਾਕ ਮਾਸਟਰ ਟਰੇਨਰ, ਕਲੱਸਟਰ ਮਾਸਟਰ ਟਰੇਨਰ ਅਤੇ ਲਗਪਗ 10000 ਪ੍ਰਾਇਮਰੀ ਅਧਿਆਪਕ ਹਿੱਸਾ ਲੈ ਰਹੇ ਹਨ। ਉਨ੍ਹਾਂ ਨੇ ਸਮੂਹ ਅਧਿਕਾਰੀਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰਾਸ਼ਟਰੀ ਸਕੂਲ ਸਰਵੇਖਣ ਦਰਜ਼ਾਬੰਦੀ ਵਿੱਚ ਅੱਵਲ ਆਉਣ ’ਤੇ ਸ਼ਾਬਾਸ਼ੀ ਅਤੇ ਵਧਾਈ ਵੀ ਦਿੱਤੀ। ਉਹਨਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੇ ਸਹਿਯੋਗ ਅਤੇ ਅਣਥੱਕ ਉੱਦਮਾਂ ਸਦਕਾ ਦਾਖ਼ਲਿਆਂ ਵਿੱਚ ਵਾਧਾ ਹੋਇਆ ਹੈ। 13000 ਦੇ ਕਰੀਬ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਗਿਆ ਹੈ। ਕੋਵਿਡ-19 ਦੀ ਮਹਾਂਮਾਰੀ ਦੇ ਭਿਆਨਕ ਸਮੇਂ ਦੌਰਾਨ ਵੀ ਅਧਿਆਪਕਾਂ ਨੇ ਮਿਸਾਲ ਪੇਸ਼ ਕਰਦਿਆਂ ਆਨਲਾਈਨ ਸਿੱਖਿਆ ਦੇ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ਾਨਦਾਰ ਕਾਰਜ ਕੀਤਾ ਹੈ।ਸ੍ਰੀ ਕਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਪੰਜਾਬ ਦੁਆਰਾ ਪ੍ਰਾਪਤ ਪਹਿਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਅਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਸਬੰਧੀ ਪੂਰਨ ਯੋਜਨਾਬੰਦੀ ਕਰਨਾ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਹੋਰਨਾਂ ਮੁਹਿੰਮਾਂ ਵਾਂਗ ਇਸ ਕਾਰਜ ਵਿੱਚ ਵੀ ਸਮੂਹ ਅਧਿਕਾਰੀ, ਸਕੂਲ ਮੁਖੀ ਅਤੇ ਅਧਿਆਪਕ ਆਪਣਾ 100 ਫੀਸਦੀ ਯੋਗਦਾਨ ਦੇਣਗੇ।ਇਸ ਸਬੰਧੀ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੁਲੜੀਆ ਨੇ ਕਿਹਾ ਕਿ ਇਸ ਦੋ-ਰੋਜ਼ਾ ਸਿਖਲਾਈ ਵਰਕਸ਼ਾਪ ਵਿੱਚ ਹਰੇਕ ਬੈਚ ਦੇ ਪਹਿਲੇ ਦਿਨ ਹਰੇਕ ਅਧਿਆਪਕ ਨੂੰ ਬੁਨਿਆਦੀ ਕੌਸ਼ਲਾਂ, ਰਾਸ਼ਟਰੀ ਪ੍ਰਾਪਤੀ ਸਰਵੇਖਣ (ਐੱਨ.ਏ.ਐੱਸ.) ਦੀ ਮਹੱਤਤਾ, ਮੁਲਾਂਕਣ, ਪ੍ਰਕਿਰਿਆ, ਪਿਛਲੇ ਸਾਲਾਂ ਦੇ ਪ੍ਰਦਰਸ਼ਨ ਦਾ ਵਿਸ਼ਲੇਸ਼ਣ ਅਤੇ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਦਿੱਤੀ ਜਾਣੀ ਹੈ। ਇਸ ਸਿਖਲਾਈ ਵਰਕਸ਼ਾਪ ਦੌਰਾਨ ਹਰੇਕ ਬੈਚ ਦੇ ਦੂਜੇ ਦਿਨ ਅਧਿਆਪਕਾਂ ਨੂੰ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਲਈ ਵੀ ਵਿਸ਼ੇਸ਼ ਸਿਖਲਾਈ ਦਿੱਤੀ ਜਾਣੀ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਨੇ ਦੱਸਿਆ ਕਿ ਬਲਾਕ ਪੱਧਰ ਦੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦੇ ਛੇ ਬੈਚ ਲੱਗਣਗੇ। ਪਹਿਲਾ ਬੈਚ 26-27 ਜੁਲਾਈ, ਦੂਜਾ ਬੈਚ 28-29 ਜੁਲਾਈ, ਤੀਜਾ ਬੈਚ 30-31 ਜੁਲਾਈ, ਚੌਥਾ ਬੈਚ 2-3 ਅਗਸਤ, ਪੰਜਵਾਂ ਬੈਚ 4-5 ਅਗਸਤ ਅਤੇ ਛੇਵਾਂ ਬੈਚ 6-7 ਅਗਸਤ ਨੂੰ ਹੋਵੇਗਾ।